ਹਿਮਾਚਲ ਪ੍ਰਦੇਸ਼ ਵਿਚ ਹੋ ਰਹੀ ਬਰਸਾਤ ਕਾਰਨ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚਣ ਪਿੱਛੋਂ ਡੈਮ ਦੇ ਫਲੱਡ ਗੇਟ ਖੋਲ੍ਹਣ ਨਾਲ ਪੰਜਾਬ ਵਿਚ ਮੁੜ ਹੜ੍ਹਾਂ ਦਾ ਖਤਰ ਖੜ੍ਹਾ ਹੋ ਗਿਆ ਹੈ। ਭਾਖੜਾ ਡੈਮ ’ਚੋਂ 80 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਅਗਲੇ ਪੰਜ ਦਿਨਾਂ ਤੱਕ ਫਲੱਡ ਗੇਟ ਖੁੱਲ਼੍ਹੇ ਰਹਿਣਗੇ। ਇਸ ਫੈਸਲੇ ਪਿੱਛੋਂ ਦਰਿਆਵਾਂ ਨੇੜਲੇ ਪਿੰਡਾਂ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਗਿਆ ਹੈ। ਫਲੱਡ ਗੇਟ ਅੱਠ ਫੁੱਟ ਖੁੱਲ੍ਹੇ ਰਹਿਣਗੇ।
ਖਤਰੇ ਵਾਲੇ ਇਲਾਕਿਆਂ ਵਿਚ ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਗੇਟ ਖੋਲ੍ਹਣ ਦੇ ਬਾਵਜੂਦ ਪਾਣੀ ਦਾ ਪੱਧਰ 1677 ਫੁੱਟ ਹੈ। ਖਤਰੇ ਦੇ ਨਿਸ਼ਾਨ ਤੋਂ ਸਿਰਫ 3 ਫੁੱਟ ਹੇਠਾਂ ਹੈ। ਉਧਰ ਪੌਂਗ ਡੈਮ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਬਿਆਸ ਦਰਿਆ ਨਾਲ ਲੱਗਦੇ ਨੌਸ਼ਿਹਰਾ ਪੱਤਣ, ਮਹਿਤਾਬਪੁਰ, ਮੋਤਲਾ, ਹਲੇੜ ਜਨਾਰਦਨ, ਚੱਕ ਭਾਈਆਂ, ਬੇਲਾ ਸਟਿਆਣਾ, ਧਨੋਆ, ਚੱਕਵਾਲ ਸਮੇਤ ਦਰਜਨਾਂ ਪਿੰਡਾਂ ਦੇ ਹਾਲਾਤ ਭਿਆਨਕ ਬਣ ਗਏ ਹਨ।