ਲੁਧਿਆਣਾ: ਸਾਈਬਰ ਕਰਾਈਮ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ। ਭਾਵੇਂ ਪੁਲਿਸ ਵੱਲੋਂ ਸਮੇਂ-ਸਮੇਂ ‘ਤੇ ਕੈਂਪਾਂ ਜਾਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਡਰ ਜਾਂ ਲਾਲਚ ਕਾਰਨ ਲੋਕ ਠੱਗਾਂ ਦੇ ਜਾਲ ਵਿੱਚ ਫਸ ਜਾਂਦੇ ਹਨ।ਅਜਿਹੇ ਹੀ ਇੱਕ ਮਾਮਲੇ ਵਿੱਚ ਇੱਕ ਸੇਵਾਮੁਕਤ ਲੈਫਟੀਨੈਂਟ ਕਰਨਲ ਨੂੰ ਸਾਈਬਰ ਠੱਗਾਂ ਦਾ ਸ਼ਿਕਾਰ ਬਣਾਇਆ ਗਿਆ। ਸੀ.ਬੀ.ਆਈ. ਅਫਸਰ ਬਣ ਕੇ, ਠੱਗਾਂ ਨੇ ਪਹਿਲਾਂ ਮਨੀ ਲਾਂਡਰਿੰਗ ਕੇਸ ਦਾ ਡਰ ਦਿਖਾਇਆ, ਫਿਰ ਡਿਜੀਟਲ ਗ੍ਰਿਫਤਾਰੀ ਦੇ ਬਹਾਨੇ 35.30 ਲੱਖ ਰੁਪਏ ਟ੍ਰਾਂਸਫਰ ਕਰ ਲਏ।ਪੈਸੇ ਦੇਣ ਤੋਂ ਬਾਅਦ ਸੇਵਾਮੁਕਤ ਅਧਿਕਾਰੀ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ, ਜਿਸ ਤੋਂ ਬਾਅਦ ਉਸ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ। ਫਿਰ ਸਾਈਬਰ ਕਰਾਈਮ ਥਾਣਾ ਪੁਲਸ ਨੇ ਸੇਵਾਮੁਕਤ ਲੈਫਟੀਨੈਂਟ ਕਰਨਲ ਪਰੋਪਕਾਰ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਰੋਪਕਾਰ ਸਿੰਘ ਨੇ ਦੱਸਿਆ ਕਿ ਉਸ ਨੂੰ ਇੱਕ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਸੀ.ਬੀ.ਆਈ. ਅਫਸਰ ਦੱਸ ਰਿਹਾ ਸੀ। ਉਸ ਨੇ ਕਿਹਾ ਕਿ ਮੁੰਬਈ ਸਥਿਤ ਬੈਂਕ ਖਾਤੇ ਦੀ ਵਰਤੋਂ ਇਕ ਨਿੱਜੀ ਏਅਰਲਾਈਨ ਨਾਲ ਸਬੰਧਤ ਮਨੀ ਲਾਂਡਰਿੰਗ ਲਈ ਕੀਤੀ ਗਈ ਹੈ, ਜਿਸ ਵਿਚ ਉਸ ਦੇ ਸਬੂਤਾਂ ਦੀ ਵਰਤੋਂ ਕੀਤੀ ਗਈ ਹੈ, ਇਸ ਲਈ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।ਮੁਲਜ਼ਮਾਂ ਨੇ ਉਨ੍ਹਾਂ ਨੂੰ ਫਰਜ਼ੀ ਗ੍ਰਿਫਤਾਰੀ ਵਾਰੰਟ ਭੇਜੇ ਅਤੇ ਉਨ੍ਹਾਂ ਨੂੰ ਇਸ ਮਾਮਲੇ ਦਾ ਕਿਸੇ ਨੂੰ ਵੀ ਖੁਲਾਸਾ ਨਾ ਕਰਨ ਦੀ ਚਿਤਾਵਨੀ ਦਿੱਤੀ। ਇਸ ਦੇ ਨਾਲ ਹੀ ਮੁਲਜ਼ਮਾਂ ਨੇ ਵੀਡੀਓ ਕਾਲ ਕਰਕੇ ਧਮਕੀ ਵੀ ਦਿੱਤੀ ਅਤੇ ਕਿਹਾ ਕਿ ਉਹ ਸੀ.ਬੀ.ਆਈ. ਦਫ਼ਤਰ ਵਿੱਚ ਬੈਠੇ ਹਨ।ਮੁਲਜ਼ਮਾਂ ਨੇ ਕਿਹਾ ਕਿ ਉਹ ਡਿਜੀਟਲ ਗ੍ਰਿਫਤਾਰੀ ਕਰਨਗੇ ਅਤੇ ਇਸ ਲਈ ਪੈਸੇ ਟਰਾਂਸਫਰ ਕਰਨੇ ਪੈਣਗੇ। ਧੋਖੇਬਾਜ਼ਾਂ ਨੇ ਕਿਹਾ ਕਿ ਉਨ੍ਹਾਂ ਦੇ ਲੈਣ-ਦੇਣ ਦੀ ਫੋਰੈਂਸਿਕ ਜਾਂਚ ਲਈ ਪੈਸੇ ਦੀ ਲੋੜ ਸੀ ਅਤੇ 72 ਘੰਟਿਆਂ ਦੇ ਅੰਦਰ ਪੈਸੇ ਵਾਪਸ ਕਰ ਦਿੱਤੇ ਜਾਣਗੇ। ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ ਤਾਂ ਉਸ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ।
ਇਸ ਮਾਮਲੇ ‘ਚ ਐੱਸ.ਐੱਚ.ਓ. ਜਤਿੰਦਰ ਸਿੰਘ ਥਾਣਾ ਸਾਈਬਰ ਕ੍ਰਾਈਮ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ ‘ਤੇ ਤੁਰੰਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਨ੍ਹਾਂ ਬੈਂਕ ਖਾਤਿਆਂ ‘ਚ ਪੈਸੇ ਟਰਾਂਸਫਰ ਕੀਤੇ ਗਏ ਸਨ, ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।