ਲੁਧਿਆਣਾ : ਲੁਧਿਆਣਾ ‘ਚ ਦੁੱਗਰੀ ਦੇ ਐੱਮ. ਆਈ. ਜੀ. ਫਲੈਟ ’ਚ ਹੋਈ ਚੋਰੀ ਦੀ ਵਾਰਦਾਤ ਨੂੰ ਥਾਣਾ ਪੁਲਸ ਦੁੱਗਰੀ ਦੀ ਐੱਸ. ਐੱਚ. ਓ. ਇੰਸਪੈਕਟਰ ਮਧੂਬਾਲਾ ਦੀ ਟੀਮ ਨੇ 5 ਘੰਟਿਆਂ ’ਚ ਹੱਲ ਕਰ ਲਿਆ ਹੈ। ਚੋਰੀ ਉਨ੍ਹਾਂ ਦੀ ਨੂੰਹ ਨੇ ਸਿਰ ਚੜ੍ਹੇ ਕਰਜ਼ੇ ਨੂੰ ਉਤਾਰਨ ਲਈ ਕੀਤੀ ਸੀ। ਹਾਲ ਦੀ ਘੜੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਕੀਤੇ 4,27,100 ਰੁਪਏ, 10 ਤੋਲੇ ਸੋਨੇ ਦੇ ਗਹਿਣੇ ਅਤੇ 6 ਤੋਲੇ ਚਾਂਦੀ ਦੇ ਗਹਿਣੇ ਬਰਾਮਦ ਕਰ ਲਏ ਹਨ।
ਏ. ਸੀ. ਪੀ. ਅਸ਼ੋਕ ਕੁਮਾਰ ਨੇ ਦੱਸਿਆ ਕਿ ਫੜ੍ਹੀ ਗਈ ਔਰਤ ਦੀ ਪਛਾਣ ਵੰਦਨਾ (33) ਵਜੋਂ ਹੋਈ ਹੈ। ਉਸ ਦਾ ਚੇਤਨ ਨਾਰੰਗ ਨਾਲ 2 ਸਾਲ ਪਹਿਲਾਂ ਦੂਜਾ ਵਿਆਹ ਹੋਇਆ ਸੀ ਅਤੇ ਪਹਿਲੇ ਵਿਆਹ ਤੋਂ ਇਕ 11 ਸਾਲ ਦੀ ਧੀ ਹੈ, ਜੋ ਨਾਲ ਰਹਿੰਦੀ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਵੰਦਨਾ ਦੇ ਸਿਰ ’ਤੇ ਕਰਜ਼ਾ ਹੈ, ਜਿਸ ਨੂੰ ਉਤਾਰਨ ਲਈ ਉਹ ਕਾਫੀ ਦਿਨਾਂ ਤੋਂ ਪਲਾਨ ਬਣਾ ਰਹੀ ਸੀ। ਉਸ ਨੇ ਮੌਕਾ ਮਿਲਦੇ ਹੀ ਜਿੰਦਾ ਤੋੜ ਕੇ ਸਮਾਨ ਚੋਰੀ ਕਰ ਲਿਆ ਅਤੇ ਸਾਰਾ ਸਮਾਨ ਆਪਣੇ ਬੈੱਡ ’ਚ ਲੁਕੋ ਲਿਆ।