ਲੁਧਿਆਣਾ : ਇੰਡੀਅਨ ਗ੍ਰੀਨ ਬਿਲਡਿੰਗ ਕੌਂਸਲ ਨੇ ਦੇਸ਼ ‘ਚ ਗ੍ਰੀਨ ਬਿਲਡਿੰਗ ਯੋਜਨਾ ਨੂੰ ਉਤਸ਼ਾਹਿਤ ਕਰਨ ਲਈ ਜੀ. ਐੱਨ. ਡੀ. ਈ. ਸੀ. ਸਕੂਲ ਆਫ਼ ਆਰਕੀਟੈਕਚਰ ਵਿਚ ਆਪਣਾ ਵਿਦਿਆਰਥੀ ਅਧਿਆਇ ਸ਼ੁਰੂ ਕੀਤਾ।
ਸਸਟੇਨਏਬਲ ਨਿਰਮਿਤ ਵਾਤਾਵਰਨ ਨੂੰ ਸਮਰੱਥ ਬਣਾਉਣ ਲਈ ਕੰਮ ਕਰ ਰਹੀ ਇੰਡੀਅਨ ਗ੍ਰੀਨ ਬਿਲਡਿੰਗ ਕੌਂਸਲ ਇਕ ਅਜਿਹੀ ਸੰਸਥਾ ਹੈ, ਜੋ ਸਾਰਿਆਂ ਲਈ ਕੰਮ ਕਰਦੀ ਹੈ ਤੇ ਭਾਰਤ ਨੂੰ 2025 ਤੱਕ ਸਸਟੇਨਏਬਲ ਨਿਰਮਿਤ ਵਾਤਾਵਰਨ ਵਿਚ ਸਿਖਰ ‘ਤੇ ਪਹੰੁਚਾਉਣ ਲਈ ਦਿਨ ਰਾਤ ਕੰਮ ਕਰ ਰਹੀ ਹੈ। ਸਮਾਗਮ ਦੀ ਸ਼ੁਰੂਆਤ ਪ੍ਰੋ. ਆਕਾਂਕਸ਼ਾ ਸ਼ਰਮਾ ਮੁਖੀ-ਜੀ. ਐੱਨ. ਡੀ. ਈ. ਸੀ. ਸਕੂਲ ਆਫ਼ ਆਰਕੀਟੈਕਚਰ ਨੇ ਹਾਜ਼ਰੀਨ ਦਾ ਸਵਾਗਤ ਕੀਤਾ।
ਕਰਨਲ ਸ਼ੈਲੇਸ਼ ਪਾਠਕ ਸਹਿ ਚੇਅਰਮੈਨ ਆਈ. ਜੀ. ਬੀ. ਸੀ. ਚੰਡੀਗੜ੍ਹ ਚੈਪਟਰ ਨੇ ਗ੍ਰੀਨ ਆਰਕੀਟੈਕਚਰ ਨੂੰ ਉਤਸ਼ਾਹਿਤ ਕਰਨ ਲਈ ਕੌਂਸਲ ਵਲੋਂ ਵੱਖ-ਵੱਖ ਪੱਧਰਾਂ ‘ਤੇ ਕੀਤੀਆਂ ਗਤੀਵਿਧੀਆਂ ਬਾਰੇ ਚਰਚਾ ਕੀਤੀ ਤੇ ‘ਗਲਾਸ ਐਜ਼ ਸਸਟੇਨਏਬਲ ਬਿਲਡਿੰਗ ਮੈਟੀਰੀਅਲ’ ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਆਰਕੀਟੈਕਟ ਕਨਵ ਖੋਸਲਾ ਨੇ ਆਪਣੇ ਪ੍ਰੋਜੈਕਟ ਪੇਸ਼ ਕੀਤੇ, ਜਿਨ੍ਹਾਂ ਦੀ ਸਾਰੇ ਵਿਦਿਆਰਥੀਆਂ ਤੇ ਫੈਕਲਟੀ ਵਲੋਂ ਦਿਲ ਖੋਲ੍ਹ ਕੇ ਸ਼ਲਾਘਾ ਕੀਤੀ ਗਈ।
ਡਾ. ਸਹਿਜਪਾਲ ਸਿੰਘ, ਪਿ੍ੰਸੀਪਲ ਜੀ. ਐੱਨ. ਡੀ. ਈ. ਸੀ. ਨੇ ਸਾਰੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਆਈ. ਜੀ. ਬੀ. ਸੀ. ਨਾਲ ਇਕ ਸਫਲ ਗੱਠਜੋੜ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਅਜਿਹੇ ਯਤਨਾਂ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ।