ਲੁਧਿਆਣਾ : ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਆਯੂਸ਼ਮਾਨ ਸਕੀਮ ਤਹਿਤ ਮਰੀਜ਼ਾਂ ਦੇ ਕੀਤੇ ਇਲਾਜ ਦਾ 250 ਕਰੋੜ ਰੁਪਏ ਪੰਜਾਬ ਸਰਕਾਰ ਵੱਲ ਬਕਾਇਆ ਖੜ੍ਹਾ ਹੋ ਗਿਆ ਹੈ ਅਤੇ ਅਦਾਇਗੀ ਨਾ ਹੋਣ ਕਾਰਨ ਪ੍ਰਾਈਵੇਟ ਹਸਪਤਾਲਾਂ ਨੇ ਇਸ ਸਕੀਮ ਤਹਿਤ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਆਈ. ਐੱਮ. ਏ. ਪੰਜਾਬ ਦੇ ਪ੍ਰਧਾਨ ਡਾ. ਪਰਮਜੀਤ ਮਾਨ ਨੇ ਦੱਸਿਆ ਕਿ 250 ਕਰੋੜ ਰੁਪਏ ਦੇ ਕਰੀਬ ਬਕਾਇਆ ਹੋਣ ਕਾਰਨ ਪ੍ਰਾਈਵੇਟ ਹਸਪਤਾਲਾਂ ਨੂੰ ਚਲਾਉਣਾ ਔਖਾ ਹੋ ਗਿਆ ਹੈ।
ਡਾ. ਮਾਨ ਨੇ ਦੱਸਿਆ ਕਿ ਉਨ੍ਹਾਂ ਦੀ 20 ਅਪ੍ਰੈਲ ਨੂੰ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨਾਲ ਮੀਟਿੰਗ ਹੋਈ ਸੀ, ਜਿਨ੍ਹਾਂ ਨੇ ਅਦਾਇਗੀ ਦਾ ਭਰੋਸਾ ਦੁਆਇਆ ਸੀ ਪਰ ਕੋਈ ਅਦਾਇਗੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਾਨੂੰ ਹਰ ਵਾਰ ਇਹੀ ਕਿਹਾ ਜਾ ਰਿਹਾ ਹੈ ਕਿ 10 ਦਿਨ ਠਹਿਰ ਜਾਓ, 15 ਦਿਨ ਠਹਿਰ ਜਾਓ ਪਰ ਹੁਣ ਪਾਣੀ ਸਿਰ ਤੋਂ ਟੱਪ ਚੁੱਕਾ ਹੈ, ਇਸ ਲਈ ਇਸ ਸਕੀਮ ਤਹਿਤ ਇਲਾਜ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਉਨ੍ਹਾਂ ਦੱਸਿਆ ਕਿ 29 ਦਸੰਬਰ 2021 ਤੋਂ ਬਾਅਦ ਆਯੁਸ਼ਮਾਨ ਯੋਜਨਾ ਤਹਿਤ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੀ ਬਕਾਇਆ ਰਾਸ਼ੀ ਦਾ ਕੋਈ ਭੁਗਤਾਨ ਹੀ ਨਹੀਂ ਕੀਤਾ ਗਿਆ। ਪਹਿਲਾਂ ਸਾਬਕਾ ਕਾਂਗਰਸ ਸਰਕਾਰ ਨੇ ਤਿੰਨ ਮਹੀਨੇ ਤੱਕ ਹਸਪਤਾਲਾਂ ਦਾ ਭੁਗਤਾਨ ਲਟਕਾਈ ਰੱਖਿਆ ਸੀ । ਹੁਣ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਬਕਾਇਆ ਰਾਸ਼ੀ ਦੇਣ ਲਈ ਕੋਈ ਠੋਸ ਕਦਮ ਨਹੀ ਚੁੱਕ ਰਹੀ।