ਲੁਧਿਆਣਾ : ਪੰਜਾਬ ਅੰਦਰ ਮੁਫ਼ਤ ਬਿਜਲੀ ਦੇਣ ਕਰਕੇ ਪੰਜਾਬ ਰਾਜ ਬਿਜਲੀ ਨਿਗਮ ਨੂੰ ਘਾਟਾ ਪੈ ਰਿਹਾ ਹੈ, ਜਿਸ ਨੂੰ ਪੂਰਾ ਕਰਨ ਲਈ ਬਿਜਲੀ ਦੀਆਂ ਕੀਮਤਾਂ ਵਿਚ ਵਾਧਾ ਕਰਨ ਦੀ ਕਨਸੋਅ ਮਿਲੀ ਹੈ, ਜਿਸ ਤਹਿਤ ਹੀ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ ਵੱਖ-ਵੱਖ ਸ਼ਹਿਰਾਂ ਵਿਚ ਉਪਭੋਗਤਾਵਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪਰ ਲੁਧਿਆਣਾ ਵਿਖੇ ਰੈਗੂਲੇਟਰੀ ਕਮਿਸ਼ਨ ਵਲੋਂ 9 ਜਨਵਰੀ ਨੂੰ ਬਿਜਲੀ ਕੀਮਤਾਂ ਵਿਚ ਵਾਧਾ ਕਰਨ ਲਈ ਮੀਟਿੰਗ ਸੱਦੀ ਗਈ ਹੈ, ਜਿਸ ਦਾ ਸਨਤਅਕਾਰਾਂ ਵਲੋਂ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ |
ਸਮਾਲ ਸਕੇਲ ਮੈਨੂੰਫ਼ੈਕਚਰਜ਼ ਐਸੋਸੀਏਸ਼ਨ ਦੇ ਆਹੁਦੇਦਾਰਾਂ ਦੀ ਅਹਿਮ ਮੀਟਿੰਗ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਪ੍ਰਧਾਨਗੀ ਹੇਠ ਹੋਈ | ਠੁਕਰਾਲ ਨੇ ਕਿਹਾ ਕਿ ਪਿਛਲੇ ਦਿਨੀ ਅਗਾਊਾ ਬਿੱਲਾਂ ਸਬੰਧੀ ਰੈਗੂਲੇਟਰੀ ਕਮਿਸ਼ਨ ਨੂੰ ਮਿਲਣ ਲਈ ਸਮਾ ਮੰਗਿਆ ਗਿਆ ਸੀ, ਪਰ ਵਾਰ-ਵਾਰ ਸਮਾਂ ਮੰਗਣ ਤੋਂ ਬਾਅਦ ਵੀ ਕਮਿਸ਼ਨ ਵਲੋਂ ਮਿਲਣ ਲਈ ਸਮਾਂ ਨਹੀਂ ਦਿੱਤਾ ਗਿਆ |
ਠੁਕਰਾਲ ਨੇ ਕਿਹਾ ਕਿ ਜਿਹੜਾ ਕਮਿਸ਼ਨ ਜਨਤਾ ਦੇ ਟੈਕਸਾਂ ਵਿਚੋਂ ਚੰਡੀਗੜ੍ਹ ਦਾ ਦਫ਼ਤਰ ਚਲਾ ਰਿਹਾ ਹੈ, ਤਨਖਾਹਾਂ ਲੈ ਰਿਹਾ ਹੈ, ਕਾਰਾਂ ਵਿਚ ਘੁੰਮ ਰਿਹਾ ਹੈ ਅਤੇ ਸਰਕਾਰੀ ਕੋਠੀਆਂ ਵਿਚ ਰਹਿ ਰਿਹਾ ਹੈ, ਅਗਰ ਉਸ ਕੋਲ ਜਨਤਾ ਨੂੰ ਮਿਲਣ ਦਾ ਸਮਾਂ ਨਹੀਂ ਤਾਂ ਅਜਿਹੇ ਕਮਿਸ਼ਨ ਦਾ ਲੁਧਿਆਣਾ ਆਉਣ ‘ਤੇ ਘਿਰਾਓ ਕੀਤਾ ਜਾਵੇਗਾ ਅਤੇ ਮੀਟਿੰਗ ਨਹੀਂ ਹੋਣ ਦਿੱਤੀ ਜਾਵੇਗੀ |