ਲੁਧਿਆਣਾ : ਦੂਜੀ ਸਰਕਾਰ-ਕਿਸਾਨ ਮਿਲਣੀ ਦੇ ਅਹਿਮ ਪੜਾਅ ਵਜੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੜਕਾਂ ਵਿਖੇ ਸ਼ੇਰਗਿੱਲ ਫਾਰਮ ਵਿਚ ਪਰਵਾਸੀ ਕਿਸਾਨ ਸੰਮੇਲਨ ਸਿਰੇ ਚੜ੍ਹਿਆ। ਪੀ ਏ ਯੂ ਦੇ ਅਧਿਕਾਰੀਆਂ ਅਤੇ ਮਾਹਿਰਾਂ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਸ਼ੇਰਗਿੱਲ ਫਾਰਮ ਨਾਲ ਮਿਲ ਕੇ ਹਿੱਸਾ ਲਿਆ। ਸ਼ੇਰਗਿੱਲ ਫਾਰਮ ਅਮਰੀਕਾ ਤੋਂ ਭਾਰਤ ਵਾਪਿਸ ਪਰਤੇ ਖੇਤੀ ਕਾਰੋਬਾਰੀ ਅਤੇ ਕਿਸਾਨ ਸ. ਜਗਬੀਰ ਸਿੰਘ ਸ਼ੇਰਗਿੱਲ ਦੁਆਰਾ ਸਥਾਪਿਤ ਕੀਤਾ ਹੋਇਆ ਹੈ।
ਇਸ ਮੌਕੇ ਮੁੱਖ ਮਹਿਮਾਨ ਪੰਜਾਬ ਦੇ ਖੇਤੀਬਾੜੀ ਕਿਸਾਨ ਭਲਾਈ ਅਤੇ ਪਰਵਾਸੀ ਮਾਮਲਿਆਂ ਦੇ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਸਨ ਜਦਕਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣ ਵਾਲਿਆਂ ਵਿਚ ਜਲ ਸਰੋਤ ਮੰਤਰੀ ਅਤੇ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ, ਸ੍ਰੀ ਸੁਮੇਰ ਸਿੰਘ ਗੁਰਜਰ, ਪ੍ਰਮੁੱਖ ਸਕੱਤਰ – ਖੇਤੀਬਾੜੀ ਅਤੇ ਕਿਸਾਨ ਭਲਾਈ; ਸ੍ਰੀਮਤੀ ਕੋਮਲ ਮਿੱਤਲ (ਆਈ.ਏ.ਐਸ.), ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸਨ। ਪੀ ਏ ਯੂ ਦੀ ਅਗਵਾਈ ਪੀਏਯੂ ਦੇ ਵਾਈਸ ਚਾਂਸਲਰ ਡਾ: ਸਤਬੀਰ ਸਿੰਘ ਗੋਸਲ ਕਰ ਰਹੇ ਸਨ।
ਆਪਣੀਆਂ ਭਾਸ਼ਣ ਵਿੱਚ ਸ. ਧਾਲੀਵਾਲ ਨੇ ਪੰਜਾਬ ਨੂੰ ਦਰਪੇਸ਼ ਸੰਕਟਾਂ ਬਾਰੇ ਨਾਂਹ ਵਾਚੀ ਪ੍ਰਚਾਰ ਦੇ ਬਾਵਜੂਦ ਸਰਕਾਰ ਦੀ ਖੇਤੀ ਨੂੰ ਅਗਾਂਹ ਲਿਜਾਣ ਦੀ ਮੰਸ਼ਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਅਸੀਂ ਖੇਤੀਬਾੜੀ ਨੀਤੀ ਬਣਾਉਣ ਨੂੰ ਲੈ ਕੇ ਸੰਜੀਦਾ ਹਾਂ ਤੇ ਕਿਸਾਨਾਂ, ਵਿਗਿਆਨੀਆਂ ਅਤੇ ਬੁੱਧੀਜੀਵੀਆਂ ਨਾਲ ਲਗਾਤਾਰ ਸੰਪਰਕ ਜਾਰੀ ਹਨ। ਉਨ੍ਹਾਂ ਨੇ ਕਿਹਾ ਕਿ ਇਸੇ ਸਿਲਸਿਲੇ ਵਿਚ ਦੁਨੀਆਂ ਦੇ ਸਫਲ ਪੰਜਾਬੀ ਕਿਸਾਨਾਂ ਨੂੰ ਉਨ੍ਹਾਂ ਦੇ ਤਜਰਬੇ ਦੱਸਣ ਲਈ ਬੁਲਾਇਆ ਗਿਆ ਹੈ।
ਨਾਲ ਹੀ ਖੇਤੀ ਮੰਤਰੀ ਨੇ ਪਾਣੀਆਂ ਦੇ ਮਸਲੇ ਦੇ ਹੱਲ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੀਤੀਆਂ ਦੇ ਨੁਕਸ ਕਾਰਨ ਬਾਹਰ ਜਾਣ ਦਾ ਰੁਝਾਨ ਵਧਿਆ ਹੈ। ਇਸ ਨੂੰ ਠੱਲ ਪਾਉਣ ਲਈ ਵੀ ਕਿਸਾਨੀ ਅਤੇ ਖੇਤੀ ਦਾ ਵਿਕਾਸ ਲਾਜ਼ਮੀ ਹੈ। ਅਜਿਹੀ ਸਥਿਤੀ ਉਨ੍ਹਾਂ ਦਾ ਧਿਆਨ ਕਿਸਾਨਾਂ ਲਈ ਅਨੁਕੂਲ ਮਾਹੌਲ ਬਣਾਉਣ ਅਤੇ ਰਾਜ ਦੀ ਖੇਤੀ ਨੂੰ ਉਤਸ਼ਾਹਿਤ ਕਰਨ ‘ਤੇ ਹੈ।
ਡਾ. ਸੁਖਪਾਲ ਸਿੰਘ ਨੇ ਕਿਸਾਨੀ ਨਾਲ ਜੁੜੇ ਲੋਕਾਂ ਕੋਲੋਂ ਉਸਾਰੂ ਸੁਝਾਅ ਮੰਗਦੇ ਹੋਏ ਖੇਤੀ ਨੀਤੀ ਬਣਾਉਣ ਲਈ ਜ਼ਮੀਨੀ ਪੱਧਰ ਦੀ ਪਹੁੰਚ ‘ਤੇ ਜ਼ੋਰ ਦਿੱਤਾ। ਸ੍ਰੀ ਸੁਮੇਰ ਸਿੰਘ ਗੁਰਜਰ ਨੇ ਭਰੋਸਾ ਦਿਵਾਇਆ ਕਿ ਅਫਸਰਸ਼ਾਹੀ ਨੂੰ ਲੋਕਾਂ ਦੇ ਮਸਲਿਆਂ ਨੂੰ ਤੇਜ਼ੀ ਨਾਲ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਉਨ੍ਹਾਂ ਦੇ ਵਾਅਦਿਆਂ ਅਨੁਸਾਰ ਕਾਰਵਾਈਆਂ ਕੀਤੀਆਂ ਜਾਣਗੀਆਂ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੂਜੀ ਮਿਲਣੀ ਬਾਰੇ ਵਿਚਾਰ ਦਿੰਦਿਆਂ ਕਿਹਾ ਕਿ 17,000 ਤੋਂ ਵੱਧ ਕਿਸਾਨਾਂ ਦੇ ਇਸ ਸਮਾਰੋਹ ਵਿਚ ਸ਼ਾਮਿਲ ਹੋਏ। ਉਨ੍ਹਾਂ ਨੇ ਕਿਹਾ ਕਿ ਪਰਵਾਸੀ ਕਿਸਾਨਾਂ ਦੁਆਰਾ ਦਿੱਤੇ ਗਏ ਵਿਚਾਰ ਦੂਜਿਆਂ ਦੇ ਅੰਦਰ ਸਫਲਤਾ ਦਾ ਚਾਨਣ ਪੈਦਾ ਕਰਨਗੇ ਜਿਸ ਨਾਲ ਉਹ ਖੇਤੀ ਦੇ ਖੇਤਰ ਵਿਚ ਆਪਣੇ ਪਰਿਵਾਰ ਦੇ ਸੁਪਨਿਆਂ ਦੀ ਪੂਰਤੀ ਦੇ ਰਸਤੇ ਤਲਾਸ਼ ਕਰਨਗੇ।
ਪਰਵਾਸੀ ਕਿਸਾਨਾਂ ਅਤੇ ਮਾਹਿਰਾਂ ਵਿੱਚੋਂ ਅਮਰੀਕਾ ਦੇ ਡਾ. ਗੁਰਰੀਤ ਪਾਲ ਬਰਾੜ ਨੇ ਵਾਤਾਵਰਣ ਦੀ ਸੰਭਾਲ ਲਈ ਰਸਾਇਣਕ ਵਰਤੋਂ ਅਤੇ ਪਾਣੀ ਪ੍ਰਬੰਧਨ ਨੂੰ ਨਿਯਮਤ ਕਰਨ ਲਈ ਕਾਨੂੰਨ ਬਣਾਉਣ ਅਤੇ ਲਾਗੂ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੇ ਵਿਚਾਰ ਅਨੁਸਾਰ ਵੱਖ-ਵੱਖ ਫਸਲਾਂ ਲਈ ਵਿਸ਼ੇਸ਼ ਬੋਰਡਾਂ ਦਾ ਗਠਨ, ਸਹਿਕਾਰੀ ਮਾਡਲ ਦਾ ਵਿਕਾਸ, ਗਲੂਟਸ ਨੂੰ ਰੋਕਣ ਲਈ ਨਿਯਮ, ਖੋਜ ਲਈ ਸਰਕਾਰੀ ਇਮਦਾਦ ਆਦਿ ਸ਼ਾਮਲ ਸੀ।
ਅਮਰੀਕਾ ਦੇ ਹੀ ਡਾ ਹਰਦੀਪ ਸਿੰਘ ਨੇ ਵੀ ਸਥਾਨਕ ਉਤਪਾਦਾਂ ਦੀ ਵਕਾਲਤ ਕੀਤੀ, ਜਦੋਂ ਕਿ ਕੈਨੇਡਾ ਤੋਂ ਸ੍ਰੀ ਇੰਦਰ ਮਾਨ ਨੇ ਨੀਤੀ-ਨਿਰਮਾਣ ਵਿੱਚ ਸਾਰੇ ਭਾਗੀਦਾਰਾਂ ਦੇ ਹਿੱਤਾਂ ਨੂੰ ਸ਼ਾਮਿਲ ਕਰਨ ਤੇ ਜ਼ੋਰ ਦਿੱਤਾ। ਅਮਰੀਕਾ ਤੋਂ ਆਏ ਡਾ. ਬਿਕਰਮ ਗਿੱਲ ਨੇ ਪੰਜਾਬ ਦੀ ਖੇਤੀ ਬਾਰੇ ਇੱਕ ਕਵਿਤਾ ਸਾਂਝੀ ਕੀਤੀ। ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਗੁਰਮੀਤ ਸਿੰਘ ਬੁੱਟਰ ਨੇ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ।