ਲੁਧਿਆਣਾ : ਨਸ਼ਾ ਸਮਾਜ ਨੂੰ ਕੋਹੜ ਵਾਂਗ ਚਿੰਬੜਿਆਂ ਹੁੰਦਾ ਹੈ, ਜਿਹੜਾ ਹੌਲੀ ਹੌਲੀ ਸਮਾਜ ਨੂੰ ਇੱਕ ਦਿਨ ਖ਼ਤਮ ਕਰ ਦਿੰਦਾ ਹੈ। ਨਸ਼ਾ ਕੋਈ ਨਾ ਛੱਡੇ ਜਾ ਸਕਣ ਵਾਲੀ ਬਿਮਾਰੀ ਨਹੀਂ, ਸਗੋਂ ਇੱਕ ਅਜਿਹਾ ਮਾਨਸਿਕ ਰੋਗ ਹੈ ਜਿਸ ਤੋਂ ਮੁਕਤ ਹੋਇਆ ਜਾ ਸਕਦਾ ਹੈ। ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸਧਾਰ ਪ੍ਰਾਸ਼ਸ਼ਨ ਨਾਲ ਮਿਲਕੇ ਸਮਾਜ ਲਈ ਇੱਕ ਅਹਿਮ ਕਦਮ ਚੁੱਕਣ ਜਾ ਰਿਹਾ ਹੈ।
ਇਹਨਾਂ ਵਿਚਾਰਾ ਦਾ ਪ੍ਰਗਟਾਵਾ ਡਾ ਗੁਰਪ੍ਰਤਾਪ ਸਿੰਘ ਸੰਧੂ, ਪ੍ਰਸਿੱਧ ਮਨੋਵਿਿਗਆਨੀ, ਓਰੀਜ਼ਨ ਹਸਪਤਾਲ, ਲੁਧਿਆਣਾ ਨੇ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ ਵਿਖੇ “ਹਰ ਪਿੰਡ ਨਸ਼ਾ ਮੁਕਤ ਅਭਿਆਨ” ਮੁਹਿੰਮ ਦੀ ਆਰੰਭਤਾ ਦੇ ਸਮਾਗਮ ਵਿਚ ਕੀਤਾ। ਡਾ ਸੰਧੂ ਨੇ ਵੱਖ ਵੱਖ ਨਸ਼ਿਆਂ ਦੇ ਲੱਛਣਾਂ ਅਤੇ ਪ੍ਰਭਾਵਾਂ ਬਾਰੇ ਸਭ ਨੂੰ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਜਿੱਥੇ ਡਾਕਟਰੀ ਇਲਾਜ ਨਾਲ ਹਰ ਨਸ਼ੇ ਦੇ ਮਰੀਜ ਨੂੰ ਤੰਦਰੁਸਤ ਕੀਤਾ ਜਾ ਸਕਦਾ ਹੈ, ਉਥੇ ਪਰਿਵਾਰ ਅਤੇ ਸਮਾਜ ਵਲੋਂ ਮਿਲਦੇ ਪਿਆਰ ਅਤੇ ਸਹਿਯੋਗ ਦੀ ਵੀ ਅਹਿਮ ਭੂਮਿਕਾ ਹੈ।
ਇਸ ਮੁਹਿੰਮ ਤਹਿਤ ਆਸ ਪਾਸ ਦੇ 100 ਪਿੰਡਾਂ ਨੂੰ ਨਸ਼ਾ ਮੁਕਤੀ ਲਈ ਜੋੜਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਸਮਾਗਮ ਦੇ ਆਰੰਭ ਵਿਚ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ “ਦੇਹਿ ਸ਼ਿਵਾ ਵਰ ਮੋਹਿ ਇਹੈ” ਸ਼ਬਦ ਦਾ ਗਾਇਨ ਕੀਤਾ। ਕਾਲਜ ਗਵਰਨਿੰਗ ਕੌਂਸਲ ਦੇ ਸਕੱਤਰ ਡਾ ਐੱਸਐੱਸ ਥਿੰਦ ਨੇ ਸਾਰਿਆਂ ਨੂੰ ‘ਜੀ ਆਇਆਂ’ ਆਖਿਆ ਅਤੇ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਨੇ ਪ੍ਰੋਗਰਾਮ ਦੀ ਰੂਪ ਰੇਖਾ ਸਾਂਝੀ ਕੀਤੀ।
ਵੱਖ ਵੱਖ ਪਿੰਡਾਂ ਤੋਂ 100 ਤੋਂ ਵੱਧ ਸਰਪੰਚ ਅਤੇ ਪਤਵੰਤੇ ਸੱਜਣ ਇਸ ਸਮਾਗਮ ਵਿਚ ਸ਼ਾਮਲ ਹੋਏ, ਜਿਨ੍ਹਾਂ ਨੇ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ। ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ ਨੇ ਕਿਹਾ ਕਿ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਆਰੰਭ ਕੀਤੀ ਇਸ ਮੁਹਿੰਮ ਤਹਿਤ ਕਾਲਜ ਨਸ਼ਾ ਮੁਕਤ ਪਿੰਡ ਨੂੰ ਸਨਮਾਨਿਤ ਕਰੇਗਾ। ਇਸ ਮੁਹਿੰਮ ਨਾਲ ਜੁੜੇ ਹੋਏ ਪਿੰਡਾਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡ ਨਰਸਰੀ ਖੋਲੀ ਜਾਵੇਗੀ।
ਉਹਨਾਂ ਅੱਗੇ ਦੱਸਿਆ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਕਾਲਜ ਦੇ ਖੇਡ ਮੈਦਾਨਾਂ ਵਿਚ ਖੇਡਣ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਕਿ ਖੇਡਾਂ ਅਤੇ ਸਿਹਤ ਪ੍ਰਤੀ ਰੁਚੀ ਉਹਨਾਂ ਨੂੰ ਨਸ਼ਿਆਂ ਤੋਂ ਮੁਕਤ ਰੱਖ ਸਕੇ। ਨਸ਼ੇ ਦੀ ਮਾਰ ਝੱਲ ਰਹੇ ਨੌਜਵਾਨਾਂ ਨੂੰ ਇਸ ਅਲਾਮਤ ਤੋਂ ਬਚਾਉਣ ਲਈ ਲੋੜੀਂਦੀ ਡਾਕਟਰੀ ਸਹਾਇਤਾ ਵੀ ਪ੍ਰਦਾਨ ਕਰਨ ਵਿਚ ਕਾਲਜ ਸਹਾਇਤਾ ਕਰੇਗਾ।
ਸਮਾਗਮ ਦੇ ਅੰਤ ਵਿਚ ਗੁਰਬੀਰ ਸਿੰਘ ਕੋਹਲੀ, ਐਸਡੀਐਮ ਰਾਏਕੋਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਹੜਾ ਕਦਮ ਇਸ ਕਾਲਜ ਨੇ ਚੁੱਕਿਆ ਹੈ, ਉਹ ਬਹੁਤ ਸ਼ਲਾਘਾਯੋਗ ਹੈ।
ਉਨ੍ਹਾਂ ਕਿਹਾ ਕਿ ਜਿਹੜੀਆਂ ਸੰਸਥਾਵਾਂ ਅਜਿਹੇ ਯਤਨ ਕਰਨਗੀਆ, ਪ੍ਰਸ਼ਾਸ਼ਨ ਉਹਨਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਹਨਾਂ ਕਾਲਜ ਦੇ ਨਾਲ ਨਾਲ ਇਸ ਸਮਾਗਮ ਵਿਚ ਸ਼ਮੂਲੀਅਤ ਕਰਨ ਵਾਲੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਸਮੇਤ ਇਸ ਸਮਾਗਮ ਦੇ ਪ੍ਰਬੰਧਕੀ ਸਕੱਤਰ ਡਾ ਰਾਜਿੰਦਰ ਸਿੰਘ ਸਾਹਿਲ, ਡਾ ਅਨੁਭੂਤੀ ਮੋਦਗਿਲ, ਪ੍ਰੋ ਕਰਮਜੀਤ ਕੌਰ ਆਦਿ ਹਾਜ਼ਰ ਸਨ।