ਲੁਧਿਆਣਾ : ਆਬਕਾਰੀ ਐਕਟ ਦੇ ਮਾਮਲੇ ਵਿਚ ਪੇਸ਼ੀ ਲਈ ਲਿਆਂਦਾ ਗਿਆ ਮੁਲਜ਼ਮ ਮੁਲਾਜ਼ਮ ਨੂੰ ਧੱਕਾ ਦੇ ਕੇ ਕੋਰਟ ਕੰਪਲੈਕਸ ਚੋਂ ਫਰਾਰ ਹੋ ਗਿਆ ।ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਏ ਐੱਸ ਆਈ ਸੁਖਦੇਵ ਸਿੰਘ ਦੇ ਬਿਆਨ ਉੱਪਰ ਮਨਜੀਤ ਨਗਰ ਦੇ ਵਾਸੀ ਸੰਦੀਪ ਸਿੰਘ ਉਰਫ ਹਨੀ ਦਾਣਾ ਦੇ ਖ਼ਿਲਾਫ਼ ਇਕ ਹੋਰ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ।
ਜਾਣਕਾਰੀ ਦਿੰਦਿਆਂ ਈ ਐੱਸ ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੰਦੀਪ ਸਿੰਘ ਦੇ ਖ਼ਿਲਾਫ਼ ਸਾਲ 2018 ਥਾਣਾ ਮਾਡਲ ਟਾਊਨ ‘ਚ ਆਬਕਾਰੀ ਐਕਟ ਦੇ ਦੋ ਮੁਕੱਦਮੇ ਦਰਜ ਕੀਤੇ ਗਏ ਸਨ । ਉਨ੍ਹਾਂ ਮੁਕੱਦਮਿਆਂ ਵਿੱਚ ਮੁਲਜ਼ਮ ਨੂੰ ਜੇਆਈਐਮਸੀ ਸ੍ਰੀ ਰਾਜੇਸ਼ ਗਰਗ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੇਸ਼ੀ ਤੋਂ ਬਾਅਦ ਪੰਜਾਬ ਹੋਮ ਗਾਰਡ ਦਾ ਮੁਲਾਜ਼ਮ ਹੂਬ ਲਾਲ ਸੰਦੀਪ ਸਿੰਘ ਨੂੰ ਜਿਸ ਤਰ੍ਹਾਂ ਹੀ ਗੱਡੀ ਵਿਚ ਬੈਠਣ ਲੱਗਾ ਤਾਂ ਮੁਲਜ਼ਮ ਉਸ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਿਆ ।
ਪੁਲਿਸ ਨੇ ਪਿੱਛਾ ਕੀਤਾ ਪਰ ਤੇਜ਼ ਤਰਾਰ ਮੁਲਜ਼ਮ ਮੌਕੇ ਤੋਂ ਨਿਕਲ ਗਿਆ । ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏ ਐੱਸ ਆਈ ਜਿੰਦਰ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਏਐਸਆਈ ਸੁਖਦੇਵ ਸਿੰਘ ਦੇ ਬਿਆਨ ਉੱਪਰ ਮੁਲਜ਼ਮ ਸੰਦੀਪ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ।