ਲੁਧਿਆਣਾ : ਨੌਸਰਬਾਜ਼ਾਂ ਵੱਲੋਂ ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਦੀ ਰਹਿਣ ਵਾਲੀ ਹਰਜੀਤ ਕੌਰ ਕੋਲੋਂ ਇਕ ਐਪ ਡਾਊਨਲੋਡ ਕਰਵਾ ਕੇ ਉਸ ਦੇ ਖਾਤੇ ਚੋਂ 98798 ਰੁਪਏ ਦੀ ਨਕਦੀ ਟ੍ਰਾਂਸਫਰ ਕਰਵਾ ਲਈ। ਮਹਿਲਾ ਨੇ ਇਸ ਮਾਮਲੇ ਸਬੰਧੀ ਥਾਣਾ ਦੁੱਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਦੋ ਮਹੀਨਿਆਂ ਦੀ ਤਫਤੀਸ਼ ਤੋਂ ਬਾਅਦ ਪੁਲਿਸ ਨੇ ਅਸਾਮ ਦੇ ਰਹਿਣ ਵਾਲੇ ਫੌਰੀਦੁਲ ਇਸਲਾਮ ਤੇ ਹਾਫਿਜ਼ ਅਲੀ ਦੇ ਖ਼ਿਲਾਫ ਧੋਖਾਧੜੀ ਤੇ ਅਪਰਾਧਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਥਾਣਾ ਦੁੱਗਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਹਰਜੀਤ ਕੌਰ ਨੇ ਦੱਸਿਆ ਕਿ 8 ਫਰਵਰੀ ਨੂੰ ਉਨ੍ਹਾਂ ਨੂੰ ਇਕ ਅਣਪਛਾਤੇ ਮੋਬਾਈਲ ਨੰਬਰ ਤੋਂ ਫੋਨ ਆਇਆ। ਕਾਲਰ ਨੇ ਦੱਸਿਆ ਕਿ ਉਨ੍ਹਾਂ ਦੀ ਕੇ ਵਾਈ ਸੀ ਖਤਮ ਹੋ ਗਈ ਹੈ। ਕੇਵਾਈਸੀ ਅਪਡੇਟ ਕਰਨ ਲਈ ਕਾਲਰ ਨੇ ਉਨ੍ਹਾਂ ਨੂੰ ਐਨੀ ਡਿਸਕ ਨਾਮ ਦਾ ਐਪ ਡਾਊਨਲੋਡ ਕਰਨ ਲਈ ਆਖਿਆ। ਹਰਜੀਤ ਕੌਰ ਨੇ ਦੱਸਿਆ ਕਿ ਐਪ ਡਾਊਨਲੋਡ ਕਰਦੇ ਸਾਰ ਹੀ ਉਨ੍ਹਾਂ ਦੇ ਖਾਤੇ ਚੋਂ ਨਕਦੀ ਟ੍ਰਾਂਸਫਰ ਹੋ ਗਈ।
ਨੌਸਰਬਾਜ਼ੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਨੇ ਮੋਬਾਈਲ ਨੰਬਰ ਬੰਦ ਕਰ ਦਿੱਤਾ। ਉਧਰ ਇਸ ਮਾਮਲੇ ਵਿੱਚ ਏਐਸਆਈ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਦੋ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਮੁਲਜ਼ਮਾਂ ਖਿਲਾਫ ਐੱਫਆਈਆਰ ਦਰਜ ਕਰ ਲਈ ਹੈ। ਪੁਲਿਸ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।