ਗੁਰਦਾਸਪੁਰ: ਗੁਰਦਾਸਪੁਰ ਦੇ ਕਾਹਨੂੰਵਾਨ ਰੋਡ ‘ਤੇ ਅੱਜ ਇੱਕ ਵੱਡੀ ਘਟਨਾ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿੱਥੇ ਰਾਤ ਕਰੀਬ 1.15 ਵਜੇ 9-10 ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਸ਼ਾਹੂਕਾਰ ਰਾਮ ਲੁਭਾਇਆ ਦੇ ਘਰ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸਰਾਫ਼ ਅਤੇ ਉਸ ਦਾ ਰਿਸ਼ਤੇਦਾਰ ਜ਼ਖ਼ਮੀ ਹੋ ਗਿਆ।ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਰ ਲੁਟੇਰੇ ਸਰਾਫ਼ ਦਾ ਰਿਵਾਲਵਰ ਅਤੇ ਉਸ ਦੀ ਪਤਨੀ ਦੇ ਗਹਿਣੇ ਖੋਹਣ ਵਿੱਚ ਸਫ਼ਲ ਹੋ ਗਏ। ਇਸ ਘਟਨਾ ਨਾਲ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦੂਜੇ ਪਾਸੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਹਸਪਤਾਲ ਅਤੇ ਜ਼ਖਮੀਆਂ ਦੇ ਘਰ ਜਾ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਕਾਹਨੂੰਵਾਨ ਰੋਡ ’ਤੇ ਰਹਿਣ ਵਾਲੇ ਸਰਾਫ਼ ਰਾਮ ਲੁਭਿਆ ਵਰਮਾ ਪਤਨੀ ਪ੍ਰਵੀਨ ਲਤਾ ਨੇ ਦੱਸਿਆ ਕਿ ਰਾਤ ਕਰੀਬ 1-15 ਵਜੇ 9-10 ਹਥਿਆਰਬੰਦ ਲੁਟੇਰੇ ਕੰਧ ਦੀ ਗਰਿੱਲ ਕੱਟ ਕੇ ਘਰ ਅੰਦਰ ਦਾਖ਼ਲ ਹੋਏ।ਉਸ ਨੇ ਦੱਸਿਆ ਕਿ ਜਦੋਂ ਲੁਟੇਰਿਆਂ ਨੇ ਦਰਵਾਜ਼ਾ ਖੜਕਾਇਆ ਤਾਂ ਉਸ ਨੇ ਉੱਠ ਕੇ ਖਿੜਕੀ ਰਾਹੀਂ ਦੇਖਿਆ ਤਾਂ ਬਾਹਰ 4-5 ਵਿਅਕਤੀ ਖੜ੍ਹੇ ਸਨ। ਉਸ ਨੇ ਤੁਰੰਤ ਆਪਣੇ ਭਤੀਜੇ ਨੂੰ ਸੂਚਨਾ ਦਿੱਤੀ ਕਿ ਸਾਡੇ ਘਰ ਲੁਟੇਰੇ ਆਏ ਹਨ।ਇਸ ਤੋਂ ਤੁਰੰਤ ਬਾਅਦ ਲੁਟੇਰਿਆਂ ਨੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋ ਕੇ ਮੇਰੇ ਗਹਿਣੇ ਲੁੱਟ ਲਏ। ਜਦੋਂ ਮੇਰੇ ਪਰਿਵਾਰ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਪਹੁੰਚ ਗਏ ਅਤੇ ਲੁਟੇਰਿਆਂ ਨਾਲ ਝੜਪ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ ਪਰ ਲੁਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ। ਜਦਕਿ ਲੁਟੇਰਿਆਂ ਨੇ ਜ਼ਖਮੀ ਰਾਮ ਲੁਭਿਆ ਵਰਮਾ ਦਾ ਰਿਵਾਲਵਰ ਵੀ ਖੋਹ ਲਿਆ। ਇਸ ਘਟਨਾ ਵਿੱਚ ਸਰਾਫ਼ ਦੇ ਨਾਲ-ਨਾਲ ਉਸ ਦਾ ਰਿਸ਼ਤੇਦਾਰ ਮੁਨੀਸ਼ ਵਰਮਾ ਵੀ ਜ਼ਖ਼ਮੀ ਹੋ ਗਿਆ।ਦੂਜੇ ਪਾਸੇ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।ਘਟਨਾ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਰਾਮ ਲੁਭਾਇਆ ਦੇ ਘਰ ਜਾ ਕੇ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਫਿਰ ਜ਼ਖਮੀਆਂ ਨੂੰ ਮਿਲ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਰਮਨ ਬਹਿਲ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਉੱਚ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਜਲਦੀ ਹੀ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ।ਪੁਲੀਸ ਅਨੁਸਾਰ ਬਾਅਦ ਵਿੱਚ ਲੁਟੇਰਿਆਂ ਨੇ ਸ਼ਹਿਰ ਵਿੱਚ ਹੀ ਭਾਂਡੇ ਸਮੇਤ ਬਿੱਟੂ ਨਾਮਕ ਕੈਟਰਰ ਦਾ ਮਿੰਨੀ ਟਰੱਕ ਲੁੱਟ ਲਿਆ ਅਤੇ ਡਰਾਈਵਰ ਤੋਂ 15 ਹਜ਼ਾਰ ਰੁਪਏ ਵੀ ਖੋਹ ਲਏ।