ਜਗਰਾਓਂ (ਲੁਧਿਆਣਾ) : ਜਗਰਾਓਂ ਵਿਚ ਵੱਡੀ ਗਿਣਤੀ ‘ਚ ਪੈਰ-ਪੈਰ ’ਤੇ ਖੁੱਲ੍ਹੇ ਆਈਲੈੱਟਸ ਸੈਂਟਰਾਂ ’ਚੋਂ ਕਈ ਸੈਂਟਰਾਂ ਵਿਚ ਤਾਂ ਪੜ੍ਹਾਉਂਦੇ ਅਧਿਆਪਕ ਖ਼ੁਦ ਆਈਲੈੱਟਸ ਟੈਸਟ ਫੇਲ੍ਹ ਪਾਏ ਗਏ। ਇਹ ਅਧਿਆਪਕ ਉਹ ਹਨ ਜੋ ਆਈਲੈੱਟਸ ਦੀ ਕੋਚਿੰਗ ਲੈ ਕੇ ਕਈ ਵਾਰ ਟੈਸਟ ਦੇਣ ’ਤੇ ਬੈਂਡ ਨਾ ਹਾਸਲ ਕਰ ਸਕੇ। ਉਨ੍ਹਾਂ ਨੇ ਥੱਕ-ਹਾਰ ਕੇ ਆਈਲੱੈਟਸ ਸੈਂਟਰਾਂ ਵਿਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਕਈ ਆਈਲੈੱਟਸ ਸੈਂਟਰਾਂ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਨਾਲ ਨਾਲ ਇਨ੍ਹਾਂ ਟੈਸਟ ਫੇਲ੍ਹ ਅਧਿਆਪਕਾਂ ਨੂੰ ਰੱਖਿਆ ਹੋਇਆ ਸੀ।
ਵਰਣਨਯੋਗ ਹੈ ਕਿ ਪਿਛਲੇ ਦਿਨੀ ਐੱਸਡੀਐੱਮ ਮਨਜੀਤ ਕੌਰ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਦੀ ਸਾਂਝੀ ਟੀਮ ਵੱਲੋਂ ਸ਼ਹਿਰ ਦੇ ਆਈਲੈੱਟਸ ਸੈਂਟਰਾਂ ’ਤੇ ਛਾਪੇਮਾਰੀ ਕੀਤੀ ਗਈ ਸੀ। ਛਾਪੇਮਾਰੀ ਵਿਚ ਜਿੰਨੇ ਵੀ ਨਾਮੀ ਆਈਲੈੱਟਸ ਸੈਂਟਰ ਚੈੱਕ ਕੀਤੇ ਗਏ, ਉਨ੍ਹਾਂ ਕੋਲ ਲਾਇਸੈਂਸ ਤੇ ਪ੍ਰਬੰਧਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਜਿਸ ’ਤੇ ਟੀਮ ਵੱਲੋਂ ਇਨ੍ਹਾਂ ਸੈਂਟਰਾਂ ’ਤੇ ਜਿੰਦਰੇ ਲਾ ਦਿੱਤੇ ਗਏ ਸਨ।
ਸੂਤਰਾਂ ਅਨੁਸਾਰ ਚੈਕਿੰਗ ਦੌਰਾਨ ਕਈ ਖਾਮੀਆਂ ਦੇ ਨਾਲ ਟੀਮ ਨੂੰ ਖੁਦ ਟੈਸਟ ਫੇਲ੍ਹ ਅਧਿਆਪਕਾਂ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਖ਼ੁਲਾਸਾ ਹੋਇਆ। ਇਹੀ ਨਹੀਂ ਸ਼ਹਿਰ ਦੇ ਇਕ ਘਰ ਵਿਚ ਹੀ ਕੋਚਿੰਗ ਦੇ ਨਾਂ ’ਤੇ ਖੋਲ੍ਹੇ ਗਏ ਸੈਂਟਰ ਵਿਚ ਟੀਮ ਪੁੱਜੀ ਤਾਂ ਇਕ ਕਮਰੇ ਵਿਚ 35 ਤੋਂ 40 ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਸੀ ਜਦ ਕਿ ਇਸ ਘਰ ਵਿਚ ਚਲਾਉਂਦੇ ਸੈਂਟਰ ਸੰਚਾਲਕ ਕੋਲ ਨਾ ਲਾਇਸੈਂਸ ਅਤੇ ਨਾ ਹੀ ਸੈਂਟਰ ਖੋਲ੍ਹਣ ਦੇ ਨਿਯਮਾਂ ਦਾ ਕੋਈ ਨਾਮੋ-ਨਿਸ਼ਾਨ ਸੀ।
ਇਸ ਮੌਕੇ ਐੱਸਡੀਐੱਮ ਮਨਜੀਤ ਕੌਰ ਨੇ ਕਿਹਾ ਕਿ ਜਗਰਾਓਂ ਵਿਚ ਬਿਨਾਂ ਲਾਇਸੈਂਸ ਅਤੇ ਨਿਯਮਾਂ ’ਤੇ ਪਹਿਰਾ ਨਾ ਦੇਣ ਵਾਲੇ ਕਿਸੇ ਵੀ ਸੈਂਟਰ ਨੂੰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਆਉਣ ਵਾਲੇ ਦਿਨਾਂ ‘ਚ ਮੁੜ ਫਰਜ਼ੀ ਸੈਂਟਰਾਂ ਅਤੇ ਬਿਨਾਂ ਲਾਇਸੈਂਸ ਚੱਲਦੇ ਆਈਲੈਟਸ ਸੈਂਟਰਾਂ ’ਤੇ ਕਾਰਵਾਈ ਕੀਤੀ ਜਾਵੇਗੀ।