ਜਗਰਾਓਂ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਗੁਰਦੁਆਰਾ ਨਾਨਕਸਰ ਕਲੇਰਾਂ ਨਤਮਸਤਕ ਹੋਣ ਪੁੱਜੇ, ਜਿਥੇ ਉਨ੍ਹਾਂ ਮੀਡੀਆ ਨੂੰ ਸਿਆਸੀ ਗੱਲਾਂ ਕਰਨ ਤੋਂ ਕੋਰਾ ਜਵਾਬ ਦਿੰਦਿਆਂ ਕਿਹਾ ਕਿ ਅੱਜ ਗੁਰੂ ਘਰ ਆਏ ਹਨ। ਵੀਰਵਾਰ ਨੂੰ ਸੁਖਬੀਰ ਬਾਦਲ ਦੇ ਦੁਪਹਿਰ 12:30 ਵਜੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਆਉਣ ਦੀ ਸੂਚਨਾ ਮਿਲਦੇ ਹੀ ਸਥਾਨਕ ਅਕਾਲੀ ਲੀਡਰਸ਼ਿਪ ਤੇ ਮੀਡੀਆ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਡੇਰਾ ਲਾ ਲਿਆ ਗਿਆ।
ਲੰਮੇ ਇੰਤਜਾਰ ਤੋਂ ਬਾਅਦ ਕਰੀਬ 3 ਘੰਟੇ ਬਾਅਦ ਸੁਖਬੀਰ ਬਾਦਲ ਗੁਰਦੁਆਰਾ ਨਾਨਕਸਰ ਪਹੁੰਚੇ, ਜਿਥੇ ਉਨ੍ਹਾਂ ਗੁਰੂ ਘਰ ਨਤਮਸਤਕ ਹੋਣ ਤੋਂ ਬਾਅਦ ਸੰਪਰਦਾਇ ਦੇ ਸੰਤ ਬਾਬਾ ਲੱਖਾ ਸਿੰਘ, ਸੰਤ ਬਾਬਾ ਘਾਲਾ ਸਿੰਘ, ਸੰਤ ਬਾਬਾ ਗੁਰਚਰਨ ਸਿੰਘ ਤੇ ਸੰਤ ਬਾਬਾ ਗੁਰਜੀਤ ਸਿੰਘ ਦੇ ਵੀ ਦਰਸ਼ਨ ਕੀਤੇ। ਸੰਪਰਦਾਇ ਦੇ ਸੰਤਾਂ ਨਾਲ ਕੁਝ ਸਮਾਂ ਬਿਤਾਉਣ ਤੋਂ ਬਾਅਦ ਸੁਖਬੀਰ ਬਾਦਲ ਨੇ ਜਗਰਾਓਂ ਤੋਂ ਉਮੀਦਵਾਰ ਐਸਆਰ ਕਲੇਰ ਤੇ ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨਾਲ ਵੀ ਗੱਲਬਾਤ ਕੀਤੀ।
ਸੰਤਾਂ ਵੱਲੋਂ ਲੁਧਿਆਣਾ ਹਸਪਤਾਲ ਦਾਖਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹਾਲ ਚਾਲ ਵੀ ਸੁਖਬੀਰ ਬਾਦਲ ਤੋਂ ਪੁੱਛਿਆ। ਇਸ ਦੌਰਾਨ ਸੰਤਾਂ ਵੱਲੋਂ ਸੁਖਬੀਰ ਬਾਦਲ ਨੂੰ ਸਿਰੋਪਾਓ ਭੇਂਟ ਕੀਤੇ ਗਏ। ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਜਦੋਂ ਮੀਡੀਆ ਨੇ ਸੁਖਬੀਰ ਬਾਦਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਾਘ ਦੇ ਪਵਿੱਤਰ ਮਹੀਨੇ ’ਤੇ ਇਸ ਦਰ ’ਤੇ ਨਤਮਸਤਕ ਹੋਣ ਪੁੱਜੇ ਹਨ। ਅੱਜ ਉਹ ਕੋਈ ਵੀ ਸਿਆਸੀ ਗੱਲ ਨਹੀਂ ਕਰਨਗੇ।