ਲੁਧਿਆਣਾ : ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤੇ ਵਿਸ਼ਵ ਕਾਨਫਰੰਸਾਂ ਕਰਵਾਉਂਦੀ ਸੰਸਥਾ ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤ ਵਿੱਚ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਦੇ ਤੀਸਰੇ ਕਾਵਿ ਸੰਗ੍ਰਹਿ ਸਹਿਜ ਮਤੀਆਂ ਦਾ ਦੂਜਾ ਐਡੀਸ਼ਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਕੈਨੇਡੀਅਨ ਮੈਂਬਰ ਪਾਰਲੀਮੈਂਟ ਮੈਂਬਰ ਸੁੱਖ ਧਾਲੀਵਾਲ ਨੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਬੀਤੀ ਸ਼ਾਮ ਲੋਕ ਅਰਪਣ ਕੀਤਾ। ਇਸ ਮੌਕੇ ਸੁੱਖ ਧਾਲੀਵਾਲ ਨੂੰ ਫੁਲਕਾਰੀ ਪਹਿਨਾਉਣ ਤੋਂ ਇਲਾਵਾ ਪੁਸਤਕਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸੁੱਖ ਧਾਲੀਵਾਲ ਨੇ ਕਿਹਾ ਕਿ ਮੇਰੇ ਵਾਂਗ ਹੀ ਗੁਰੂ ਨਾਨਕ ਇੰਜਨੀਰਿੰਗ ਕਾਲਿਜ ਦੇ ਵਿਦਿਆਰਥੀ ਰਹੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਸਾਹਿੱਤ ਦੇ ਖੇਤਰ ਵਿੱਚ ਨਿਵੇਕਲੀ ਪਛਾਣ ਬਣਾਈ ਹੈ। ਇਹ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਇੰਜਨੀਰਿੰਗ ਕਾਲਿਜ ਵਿੱਚ ਮਨੁੱਖ ਦੇ ਸਰਬਪੱਖੀ ਵਿਕਾਸ ਦੇ ਬੇਅੰਤ ਮੌਕੇ ਹੋਣ ਦਾ ਸਬੂਤ ਇਹੀ ਹੈ ਕਿ ਇਥੋਂ ਸਿਰਫ਼ ਟੈਕਨੋਕਰੇਟ ਹੀ ਪੈਦਾ ਨਹੀਂ ਹੁੰਦੇ ਸਗੋਂ ਸਾਹਿੱਤ, ਕੋਮਲ ਕਲਾਵਾਂ, ਸਿਆਸਤ, ਸੰਗੀਤ ਅਤੇ ਵਣਜ ਪ੍ਰਬੰਧ ਦੇ ਖੇਤਰ ਵਿੱਚ ਵੀ ਸਿਰਮੌਰ ਸ਼ਖਸੀਅਤਾਂ ਪੈਦਾ ਹੋਈਆਂ ਹਨ।