ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਧਰਨਾ ਅੱਜ ਮੰਗਲਵਾਰ ਨੂੰ 21ਵੇਂ ਦਿਨ ‘ਚ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਵਿਦਿਆਰਥੀ ਬਬਨਪ੍ਰੀਤ ਸਿੰਘ ਨੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਭਰੋਸੇ ਤੋਂ ਬਾਅਦ ਐਤਵਾਰ ਰਾਤ ਨੂੰ ਮਰਨ ਵਰਤ ਖਤਮ ਕਰ ਦਿੱਤਾ ਸੀ। ।
ਵਿਧਾਇਕ ਗੋਗੀ ਨੇ ਭਰੋਸਾ ਦਿੱਤਾ ਸੀ ਕਿ 17 ਜਾਂ 18 ਅਗਸਤ ਨੂੰ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਨ ਦਾ ਸਮਾਂ ਦਿੱਤਾ ਜਾਵੇਗਾ। ਭਰੋਸੇ ਤੋਂ ਬਾਅਦ ਵਿਦਿਆਰਥੀਆਂ ਨੇ ਮਰਨ ਵਰਤ ਖਤਮ ਕਰ ਦਿੱਤਾ ਸੀ ਪਰ ਉਨ੍ਹਾਂ ਦਾ ਧਰਨਾ ਜਾਰੀ ਰੱਖਿਆ ਗਿਆ। ਵਿਦਿਆਰਥੀਆਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਉਕਤ ਦੋ ਦਿਨਾਂ ਵਿਚ ਮੀਟਿੰਗ ਲਈ ਸਮਾਂ ਨਾ ਮਿਲਿਆ ਤਾਂ ਉਹ ਵਿਧਾਇਕਾਂ ਦਾ ਘਿਰਾਓ ਕਰਨਗੇ।
ਇਸ ਦੇ ਨਾਲ ਹੀ ਵਿਦਿਆਰਥੀਆਂ ਚ ਇਸ ਗੱਲ ਦਾ ਗੁੱਸਾ ਵੀ ਹੈ ਕਿ ਆਜ਼ਾਦੀ ਦਿਵਸ ਲਈ ਲੁਧਿਆਣਾ ‘ਚ ਹੋਏ ਸੂਬਾ ਪੱਧਰੀ ਪ੍ਰੋਗਰਾਮ ਲਈ ਮੁੱਖ ਮੰਤਰੀ ਸ਼ਹਿਰ ‘ਚ ਸਨ ਅਤੇ ਉਹ ਪੀ ਏ ਯੂ ਵੀ ਆਏ ਸਨ। ਇਸ ਦੌਰਾਨ ਉਨ੍ਹਾਂ ਧਰਨੇ ਤੇ ਬੈਠੇ ਵਿਦਿਆਰਥੀਆਂ ਦੀ ਕੋਈ ਸਾਰ ਨਹੀਂ ਲਈ। ਦੱਸ ਦੇਈਏ ਕਿ ਪੀਏਯੂ ਵਿੱਚ ਖੇਤੀਬਾੜੀ ਵਿਭਾਗ ‘ਚ ਬਾਗਬਾਨੀ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਵਿਦਿਆਰਥੀਆਂ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ।