ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਬੀ.ਐਸ.ਸੀ.ਐਗਰੀ (ਆਨਰਜ) ਦੇ ਅੰਤਮ ਸਾਲ ਦੇ ਵਿਦਿਆਰਥੀਆਂ ਵੱਲੋਂ ਸਹਾਇਕ ਪ੍ਰੋਫੈਸਰ ਡਾ. ਲੋਪਾਮੁਦਰਾ ਮੋਹਪਾਤਰਾ ਦੀ ਅਗਵਾਈ ਹੇਠ ਪਿੰਡ ਵਲੀਪੁਰ ਕਲਾਂ ਅਤੇ ਭੱਠਾ ਧੂਆ ਵਿਖੇ ਵੱਖ-ਵੱਖ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਗਈ। ਵਿਦਿਆਰਥੀਆਂ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੇ ਪੋਸਟਰ ਲਗਾਏ ਗਏ ਅਤੇ ਹੋਰ ਸਮਾਜਿਕ ਮੁੱਦਿਆਂ ਤੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ ।
ਵਿਦਿਆਰਥੀਆਂ ਪਰੀਸਦੀਪ, ਮੋਹਿਤ ਅਤੇ ਗੁਰਮਨ ਨੇ ਮੌਜੂਦਾ ਦੌਰ ਵਿੱਚ ਨਸ਼ਿਆਂ ਦੀ ਸਮੱਸਿਆ ਬਾਰੇ ਭਾਸ਼ਣ ਅਤੇ ਕਵਿਤਾ ਰਾਹੀਂ ਆਪਣੀਆਂ ਭਾਵਨਾਵਾਂ ਪੇਸ਼ ਕੀਤੀਆਂ । ਇਸ ਮੌਕੇ ਬਲਾਕ ਮਾਸਟਰ ਬਲਬੀਰ ਸਿੰਘ ਨੇ ਵੀ ਸੰਬੋਧਨ ਰਾਹੀਂ ਨਸ਼ਿਆਂ ਦੀ ਸਮੱਸਿਆ ਅਤੇ ਉਸਦੇ ਹੱਲ ਬਾਰੇ ਵਿਚਾਰ ਪੇਸ਼ ਕੀਤੇ । ਪਿੰਡ ਭੱਠਾ ਧੂਆ ਵਿਖੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਨਸ਼ਿਆਂ, ਬਾਲੜੀਆਂ ਦੀ ਸਿੱਖਿਆ, ਪ੍ਰਦੂਸ਼ਣ, ਪਾਣੀ ਦੀ ਸੰਭਾਲ ਸਮੇਤ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ।