ਪਟਿਆਲਾ : ਪੰਜਾਬ ਵਿਚ ਪੈ ਰਹੀ ਅੱਤ ਦੀ ਗਰਮੀ ਦਰਮਿਆਨ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਅੱਜ ਜਿੱਥੇ ਸਵੇਰ ਤੋਂ ਹੀ ਸੂਬੇ ਵਿਚ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਬੱਦਲ ਛਾਏ ਰਹੇ, ਉਥੇ ਹੀ ਪਟਿਆਲਾ ਵਿਚ ਤੇਜ਼ ਝੱਖੜ ਦੇ ਨਾਲ-ਨਾਲ ਜ਼ਬਰਦਸਤ ਗੜੇਮਾਰੀ ਵੀ ਹੋਈ ਹੈ। ਇਸ ਨਾਲ ਪਟਿਆਲਾ ਵਾਸੀਆਂ ਨੂੰ ਗਰਮੀ ਤੋਂ ਕੁੱਝ ਸਮੇਂ ਲਈ ਰਾਹਤ ਮਿਲਣੀ ਲਾਜ਼ਮੀ ਹੈ।
ਦੱਸਣਯੋਗ ਹੈ ਕਿ ਪਿਛਲੇ ਕੁੱਝ ਹਫਤਿਆਂ ਤੋਂ ਗਰਮੀ ਵੱਧਣ ਦੇ ਨਾਲ ਨਾ ਸਿਰਫ ਲੋਕਾਂ ਦਾ ਤ੍ਰਾਹ ਨਿਕਲਿਆ ਹੋਇਆ ਸੀ, ਸਗੋਂ ਪਾਵਰਕਾਮ ਵੀ ਬਿਜਲੀ ਦੀ ਮੰਗ ਵਧਣ ਕਾਰਣ ਮਾੜੇ ਹਾਲਾਤ ’ਚੋਂ ਨਿਕਲ ਰਿਹਾ ਸੀ।
ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਕੁੱਝ ਘੰਟਿਆਂ ਵਿਚ ਸੂਬੇ ਅੰਦਰ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜਿਸ ਨਾਲ ਕੁੱਝ ਸਮੇਂ ਲਈ ਗਰਮੀ ਤੋਂ ਰਾਹਤ ਮਿਲਣੀ ਸੁਭਾਵਕ ਹੈ ਪਰ ਅਗਲੇ ਤਿੰਨ ਦਿਨਾਂ ਬਾਅਦ ਪਾਰਾ ਫਿਰ ਵਧੇਗਾ ਅਤੇ ਲੋਕਾਂ ਨੂੰ ਫਿਰ ਤੇਜ਼ ਲੂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।