ਲੁਧਿਆਣਾ : ਅੱਜ ਪੰਜਾਬ ਦੇ ਕਿਸਾਨਾਂ ਅਤੇ ਕਿਸਾਨੀ ਸਮਾਜ ਦੀ ਬਿਹਤਰੀ ਲਈ ਪੀ.ਏ.ਯੂ. ਅਤੇ ਆਈ ਸੀ ਆਈ ਸੀ ਆਈ ਫਾਊਂਡੇਸ਼ਨ ਨੇ ਨਿੱਠ ਕੇ ਸਹਿਯੋਗ ਕਰਨ ਦਾ ਪ੍ਰਣ ਲਿਆ | ਆਈ ਸੀ ਆਈ ਸੀ ਆਈ ਗਰੁੱਪ ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਯੋਜਨਾ ਤਹਿਤ ਤਕਨੀਕੀ ਜਾਣਕਾਰੀ ਦੇ ਅਦਾਨ ਪ੍ਰਦਾਨ ਰਾਹੀਂ ਖੇਤੀ ਨੂੰ ਸਥਿਰ ਬਨਾਉਣ ਲਈ ਇਹ ਸਮਝੌਤਾ ਨੇਪਰੇ ਚੜਿਆ |
ਇਸ ਮੌਕੇ ਆਈ ਸੀ ਆਈ ਸੀ ਆਈ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਨੁਜ ਅਗਰਵਾਲ ਅਤੇ ਪੀ.ਏ.ਯੂ. ਦੇ ਰਜਿਸਟਰਾਰ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਆਪਣੀਆਂ ਸੰਸਥਾਵਾਂ ਤਰਫੋਂ ਸਹੀ ਪਾਈ | ਇਸ ਦੌਰਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਆਈ ਸੀ ਆਈ ਸੀ ਆਈ ਫਾਊਂਡੇਸ਼ਨ ਦੇ ਪ੍ਰਧਾਨ ਸ਼੍ਰੀ ਸੰਜੇ ਦੱਤਾ ਤੋਂ ਬਿਨਾਂ ਉੱਤਰੀ ਜ਼ੋਨ ਦੇ ਮੁਖੀ ਸ਼੍ਰੀ ਅਭੈ ਸ਼ਰਮਾ ਅਤੇ ਉੱਚ ਅਧਿਕਾਰੀ ਮੌਜੂਦ ਸਨ |
ਇਸ ਸਮਝੌਤੇ ਤਹਿਤ ਸੂਚਨਾ ਦੇ ਆਦਾਨ ਪ੍ਰਦਾਨ ਦਾ ਦੁਵੱਲਾ ਮੰਚ ਤਿਆਰ ਕੀਤਾ ਜਾਵੇਗਾ ਅਤੇ ਵੱਖ-ਵੱਖ ਤਰ੍ਹਾਂ ਦੇ ਕਾਰਜਾਂ ਅਤੇ ਗਤੀਵਿਧੀਆਂ ਨੂੰ ਅਮਲੀ ਰੂਪ ਦਿੱਤਾ ਜਾਵੇਗਾ | ਇਸ ਨਾਲ ਸਥਿਰ ਖੇਤੀਬਾੜੀ ਵਿਧੀਆਂ ਅਤੇ ਖੋਜੀ ਤਕਨੀਕਾਂ ਨੂੰ ਦੁਨੀਆਂ ਪੱਧਰ ਦੀ ਖੇਤੀ ਅਤੇ ਬਾਗਬਾਨੀ ਤਕਨਾਲੋਜੀ ਦੇ ਰੂਪ ਵਿੱਚ ਲਾਗੂ ਕਰਕੇ ਕਿਸਾਨਾਂ ਤੱਕ ਪਹੁੰਚਾਇਆ ਜਾਵੇਗਾ | ਦੋਵੇ ਸਾਂਝੀਦਾਰ ਖੇਤੀ ਚੁਣੌਤੀਆਂ ਦੇ ਟਾਕਰੇ ਲਈ ਇਕ ਦੂਜੇ ਨਾਲ ਸਹਿਯੋਗ ਕਰਨਗੇ |
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਢਾਂਚੇ ਰਾਹੀਂ ਖੇਤੀ ਵਿਗਿਆਨ ਅਤੇ ਮੁਹਾਰਤ ਦਾ ਘੇਰਾ ਇਸ ਨਾਲ ਵਧੇਗਾ | ਖੇਤੀ ਖੋਜ ਦੇ ਖੇਤਰ ਵਿੱਚ ਹੋਰ ਬਿਹਤਰ ਸਿੱਟੇ ਸਾਹਮਣੇ ਆਉਣਗੇ | ਡਾ. ਗੋਸਲ ਨੇ ਕਿਹਾ ਕਿ ਸਾਂਝੀਆਂ ਕੋਸ਼ਿਸ਼ਾਂ ਨਾਲ ਖੋਜ ਅਤੇ ਪਸਾਰ ਗਤੀਵਿਧੀਆਂ ਨੂੰ ਮਜ਼ਬੂਤੀ ਤਾਂ ਮਿਲੇਗੀ ਹੀ ਨਾਲ ਹੀ ਸਮਾਜ ਨੂੰ ਉਸਾਰੂ ਦਿਸ਼ਾ ਵੀ ਦਿੱਤੀ ਜਾ ਸਕੇਗੀ |
ਸ਼੍ਰੀ ਸੰਜੇ ਦੱਤਾ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਸਮਝੌਤੇ ਨਾਲ ਛੋਟੇ ਕਿਸਾਨਾਂ ਅਤੇ ਯੂਨੀਵਰਸਿਟੀ ਮਾਹਿਰਾਂ ਵਿਚਕਾਰ ਸੰਪਰਕ ਦੀਆਂ ਸੰਭਾਵਨਾਵਾਂ ਵਧਣਗੀਆਂ ਅਤੇ ਸਥਿਰ ਖੇਤੀਬਾੜੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਾਕਾਰ ਹੋਣਗੀਆਂ | ਉਹਨਾਂ ਕਿਹਾ ਕਿ ਖੇਤੀ ਸਾਹਮਣੇ ਜੋ ਵੀ ਚੁਣੌਤੀਆਂ ਹਨ ਉਹਨਾਂ ਦੇ ਹੱਲ ਲਈ ਮਾਹਿਰਾਂ ਦੇ ਗਿਆਨ ਅਤੇ ਕਿਸਾਨਾਂ ਦੀ ਲਗਨ ਨੂੰ ਇੱਕੋ ਮੰਚ ਤੇ ਲਿਆਉਣਾ ਇਸ ਸਮਝੌਤੇ ਦਾ ਮੁੱਖ ਉਦੇਸ਼ ਹੈ |