ਪੰਜਾਬ ਨਿਊਜ਼
ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਰਾਜ ਪੱਧਰੀ ਕੁਇਜ਼ ਮੁਕਾਬਲੇ
Published
3 years agoon
ਲੁਧਿਆਣਾ : ਵਿਗਿਆਨ, ਗਣਿਤ, ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਵਿਸ਼ਿਆਂ ਦੇ ਗਿਆਨ ਨੂੰ ਵਧਾਉਣ ਦੇ ਉਦੇਸ਼ ਤਹਿਤ ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਰਾਜ ਪੱਧਰੀ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਰਾਜ ਪੱਧਰੀ ਅਕਾਦਮਿਕ ਪ੍ਰੋਗਰਾਮ ਵਿਚ ਪੰਜਾਬ ਭਰ ਦੇ 23 ਜ਼ਿਲਿ੍ਆਂ ‘ਚੋਂ 9ਵੀਂ ਤੇ 10ਵੀਂ ਸ਼੍ਰੇਣੀ ਦੇ ਵਰਗ ‘ਚ 46 ਤੇ 6ਵੀਂ ਤੋਂ 8ਵੀਂ ਸ਼੍ਰੇਣੀ ਦੇ 69 ਜ਼ਿਲ੍ਹਾ ਪੱਧਰੀ ਜੇਤੂਆਂ ਨੇ ਭਾਗ ਲਿਆ।
ਡਾਇਰੈਕਟਰ, ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਸ.ਸੀ.ਈ.ਆਰ.ਟੀ.) ਪੰਜਾਬ ਡਾ: ਜਰਨੈਲ ਸਿੰਘ ਕਾਲੇਕੇ ਨੇ ਆਉਣ ਵਾਲੇ ਸਮੇਂ ‘ਚ ਅਜਿਹੇ ਹੋਰ ਅਕਾਦਮਿਕ ਪ੍ਰੋਗਰਾਮਾਂ ਦਾ ਆਯੋਜਨ ਕਰਨ ‘ਤੇ ਜ਼ੋਰ ਦਿੱਤਾ ਤਾਂ ਜੋ ਵਿਦਿਆਰਥੀਆਂ ਵਿਚ ਮਹਾਂਮਾਰੀ ਤੋਂ ਬਾਅਦ ਦੇ ਯੁੱਗ ‘ਚ ਸਾਰੇ ਵਿਸ਼ਿਆਂ ਦੇ ਸਬੰਧ ਵਿਚ ਦਿਲਚਸਪੀ ਪੈਦਾ ਕੀਤੀ ਜਾ ਸਕੇ। ਸਿੱਖਿਆ ਵਿਭਾਗ ਵਲੋਂ ਦੋਵਾਂ ਵਰਗਾਂ ਦੇ ਰਾਜ ਪੱਧਰੀ ਜੇਤੂਆਂ ਨੂੰ ਕ੍ਰਮਵਾਰ 2500, 1500, 1150 ਰੁਪਏ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।
ਡੀ.ਈ.ਓ. (ਸੈਕੰਡਰੀ ਸਿੱਖਿਆ) ਸ੍ਰੀਮਤੀ ਜਸਵਿੰਦਰ ਕੌਰ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਬਹੁਤ ਵਧੀਆ ਤਿਆਰੀ ਕੀਤੀ ਸੀ। ਸਟੇਟ ਪ੍ਰਾਜੈਕਟ ਕੋਆਰਡੀਨੇਟਰ ਸੁਸ਼ੀਲ ਭਾਰਦਵਾਜ ਨੇ ਰਾਜ ਪੱਧਰੀ ਕੁਇਜ਼ ਮੁਕਾਬਲੇ ਦੀ ਸਫਲਤਾ ‘ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਐਸ. ਸੀ. ਈ. ਆਰ. ਟੀ. ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਰਾਜ ਪੱਧਰੀ ਤੇ ਰਾਸ਼ਟਰੀ ਪੱਧਰ ਦੇ ਅਧਿਐਨ ਦੌਰਿਆਂ ਤੇ ਪ੍ਰੋਜੈਕਟਾਂ ਦਾ ਆਯੋਜਨ ਕਰਨ ਦੀ ਤਜਵੀਜ਼ ਰੱਖਦਾ ਹੈ ਤੇ ਭਵਿੱਖ ਵਿਚ ਯੂਨੀਵਰਸਿਟੀ ਦੇ ਮਾਹਿਰਾਂ ਦੁਆਰਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਰਗਦਰਸ਼ਨ ਦਾ ਆਯੋਜਨ ਕਰਨ ਦੀ ਇੱਛਾ ਪ੍ਰਗਟਾਈ।
ਸਰਕਾਰੀ ਮੈਰੀਟੋਰੀਅਸ ਸਕੂਲ ਦੀ ਪਿ੍ੰਸੀਪਲ ਵਿਸ਼ਵਕੀਰਤ ਕੌਰ ਕਾਹਲੋਂ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਕੂਲ ਸਟਾਫ਼ ਦੀ ਪ੍ਰਸ਼ੰਸਾ ਕੀਤੀ। ਸਟੇਟ ਰਿਸੋਰਸ ਪਰਸਨ ਜਸਬੀਰ ਸਿੰਘ ਸੇਖੋਂ ਨੇ ਦੱਸਿਆ ਕਿ ਇਹ ਰਾਜ ਪੱਧਰੀ ਮੁਕਾਬਲਾ ਆਰ.ਏ.ਏ. (ਰਾਸ਼ਟਰੀ ਅਭਿਸ਼ਕਾਰ ਅਭਿਆਨ) ਅਧੀਨ ਕਰਵਾਇਆ ਗਿਆ। ਸਟੇਟ ਰਿਸੋਰਸ ਪਰਸਨ ਚੰਦਰਸ਼ੇਖਰ, ਰਾਜ ਪ੍ਰੋਜੈਕਟ ਕੋਆਰਡੀਨੇਟਰ (ਗਣਿਤ) ਸ਼੍ਰੀਮਤੀ ਨਿਰਮਲ, ਸ਼੍ਰੀ ਆਸ਼ੀਸ਼ ਕੁਮਾਰ (ਇੰਚਾਰਜ, ਸਿੱਖਿਆ ਸੁਧਾਰ ਟੀਮ) ਤੇ ਬਹੁਤ ਸਾਰੇ ਸਕੂਲਾਂ ਦੇ ਪਿ੍ੰਸੀਪਲ ਅਤੇ ਸਿੱਖਿਆ ਸ਼ਾਸਤਰੀ, ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਏ।