ਲੁਧਿਆਣਾ : ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਇੰਦਰਪ੍ਰੀਤ ਕੌਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਹਿਲੀ ਅਕਤੂਬਰ, 2022 ਨੂੰ ਸਥਾਨਕ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਰਾਜ ਪੱਧਰੀ ‘ਅੰਤਰ ਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ’ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਦਿਹਾੜੇ ਨੂੰ ਮਨਾਉਣ ਦਾ ਮੁੱਖ ਮੰਤਵ ਸਮਾਜ ਦੇ ਨਾਗਰਿਕਾਂ ਨੂੰ ਸੁਨੇਹਾ ਦੇਣਾ ਹੈ ਕਿ ਉਨ੍ਹਾਂ ਦੀਆਂ ਸ਼ਿੱਖਿਆਵਾਂ, ਸਹਿਯੋਗ ਅਤੇ ਪਿਆਰ ਤੋਂ ਬਗੈਰ ਇਹ ਸਮਾਜ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਦੱਸਿਆ ਕਿ ਘਰ ਵਿੱਚ ਬਜੁਰਗਾਂ ਦੀ ਰਹਿਨੁਮਾਈ ਅਧੀਨ ਬਚਪਨ ਤੋਂ ਹੀ ਬੱਚਾ ਆਪਣੇ ਸੱਭਿਆਚਾਰ, ਅਨੁਸ਼ਾਸਨ, ਪਿਆਰ ਅਤੇ ਆਪਣੇਪਨ ਦੀ ਸਿੱਖਿਆ ਲੈਂਦਾ ਹੈ ਕਿਉਂਕਿ ਘਰ ਹੀ ਬੱਚੇ ਦੀ ਪਹਿਲੀ ਪਾਠਸ਼ਾਲਾ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਬਜ਼ੁਰਗ ਸਾਡੇ ਸਮਾਜ ਦਾ ਇੱਕ ਬਹੁਤ ਹੀ ਅਨਮੋਲ ਅਤੇ ਵਡਮੁੱਲਾ ਅੰਗ ਹਨ। ਬਜੁ਼ਰਗਾਂ ਦੀ ਇੱਜ਼ਤ ਕਰਨਾ, ਪਿਆਰ ਕਰਨਾ ਅਤੇ ਸੇਵਾ ਕਰਨਾ ਹਰ ਇੱਕ ਵਿਅਕਤੀ ਦਾ ਨੈਤਿਕ ਫਰਜ਼ ਹੈ। ਇਸ ਲਈ ਇਸ ਦਿਹਾੜੇ ਦੀ ਮਹੱਤਤਾ ਨੂੰ ਉਜਾਗਰ ਕਰਨ ਵਾਸਤੇ ਲੁਧਿਆਣਾ ਜ਼ਿਲ੍ਹੇ ਵਿੱਚ ਰਾਜ ਪੱਧਰੀ ਅੰਤਰ ਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਜਾ ਰਿਹਾ ਹੈ।