Connect with us

ਪੰਜਾਬੀ

ਐਸ.ਆਰ.ਐਸ. ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਹੋਇਆ ਕੋ-ਐਜੂਕੇਸ਼ਨਲ

Published

on

SRS Government Polytechnic College (Girls) became co-educational

ਲੁਧਿਆਣਾ : ਪੰਜਾਬ ਸਰਕਾਰ ਵਲੋਂ ਸਥਾਨਕ ਰਿਸ਼ੀ ਨਗਰ ਸਥਿਤ ਸਤਿਗੁਰੂ ਰਾਮ ਸਿੰਘ (ਐਸ.ਆਰ.ਐਸ.) ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਨੂੰ ਵੀ ਹੁਣ ਕੋ-ਐਜੂਕੇਸ਼ਨ ਕਰ ਦਿੱਤਾ ਹੈ। ਹੁਣ ਇਸ ਸਰਕਾਰੀ ਬਹੁਤਕਨੀਕੀ ਕਾਲਜ ਵਿੱਚ 10ਵੀਂ ਅਤੇ 12ਵੀਂ ਪਾਸ ਲੜਕੇ ਵੀ ਤਿੰਨ ਸਾਲਾ ਇੰਜਨੀਅਰਿੰਗ ਡਿਪਲੋਮਾ ਕੋਰਸਾਂ ਵਿੱਚ ਦਾਖਲਾ ਲੈ ਸਕਣਗੇ। ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੌਜਵਾਨ ਲੜਕੇ ਲੜਕੀਆਂ ਨੂੰ ਤਕਨੀਕੀ ਸਿਖਿਆ ਪ੍ਰਦਾਨ ਕਰਨ ਹਿੱਤ ਇਤਿਹਾਸਕ ਫੈਸਲਾ ਲੈਂਦਿਆਂ ਪੰਜਾਬ ਦੇ ਚਾਰ ਸਰਕਾਰੀ ਬਹੁਤਕਨੀਕੀ ਕਾਲਜਾਂ (ਲੜਕੀਆਂ) ਨੂੰ ਕੋ-ਐਜੂਕੇਸ਼ਨ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਇਨ੍ਹਾਂ ਕਾਲਜ਼ਾਂ ਵਿਚੋਂ ਜ਼ਿਲ੍ਹਾ ਲੁਧਿਆਣਾ ਦਾ ਇੱਕੋ-ਇੱਕ ਰਿਸ਼ੀ ਨਗਰ ਸਥਿਤ ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ) ਵੀ ਸ਼ਾਮਲ ਹੈ। ਇਹ ਪੰਜਾਬ ਸਰਕਾਰ ਦਾ ਨੌਜਵਾਨਾਂ ਨੂੰ ਤਕਨੀਕੀ ਸਿਖਿਆ ਵੱਲ ਲਿਜਾਣ ਦਾ ਇੱਕ ਹੋਰ ਵੱਡਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਕਾਲਜ ਵਿਖੇ 2.50 ਲੱਖ ਰੁਪਏ ਸਾਲਾਨਾ ਆਮਦਨ ਤੱਕ ਦੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਅਧੀਨ ਪੂਰੀ ਫੀਸ ਮੁਆਫ ਹੈ।

ਇਸ ਤੋਂ ਇਲਾਵਾ ਬਾਕੀ ਸਾਰੀਆਂ ਕੈਟਾਗਰੀਆਂ ਦੇ ਹੋਣਹਾਰ ਵਿਦਿਆਰਥੀਆਂ ਨੂੰ ‘ਮੁੱਖ ਮੰਤਰੀ ਵਜ਼ੀਫਾ ਯੋਜਨਾ’ ਅਨੁਸਾਰ ਸਸਤੀ ਤੇ ਮਿਆਰੀ ਤਕਨੀਕੀ ਸਿਖਿਆ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਰਾਂਹੀਂ ਵਿਦਿਆਰਥੀਆਂ ਦੀ 10ਵੀਂ ਜਮਾਤ ਵਿੱਚੋਂ ਪ੍ਰਾਪਤ ਕੀਤੇ ਅੰਕਾਂ ਅਨੁਸਾਰ ਟਿਊਸ਼ਨ ਫੀਸ ਮੁਆਫ ਕੀਤੀ ਜਾਂਦੀ ਹੈ। ਇਸ ਵਿੱਚ 60 ਤੋਂ 70 ਫੀਸਦੀ ਅੰਕਾਂ ਵਾਲੇ ਵਿਦਿਆਰਥੀਆਂ ਦੀ 70 ਪ੍ਰਤੀਸ਼ਤ ਟਿਊਸ਼ਨ ਫੀਸ ਮੁਆਫ ਹੋਵੇਗੀ, 70 ਤੋਂ 80 ਵਾਲਿਆਂ ਦੀ 80 ਫੀਸਦੀ, 80 ਤੋ 90 ਫੀਸਦੀ ਵਾਲਿਆਂ ਦੀ 90 ਫੀਸਦੀ ਅਤੇ 90 ਤੋਂ 100 ਫੀਸਦੀ ਅੰਕ ਹਾਸਲ ਕਰਨ ਵਾਲਿਆਂ ਦੀ ਪੂਰੀ ਟਿਊਸ਼ਨ ਫੀਸ ਮੁਆਫ ਹੋਵੇਗੀ।

ਇਸ ਕਾਲਜ ਵਿੱਚ ਤਿੰਨ ਸਾਲਾ ਡਿਪਲੋਮਾ ਕੋਰਸ ਇਲੈਕਟ੍ਰਨਿਕਸ ਐਂਡ ਕਮਿਊਨੀਕੇਸ਼ਨ ਇੰਜ:, ਕੰਪਿਊਟਰ ਇੰਜ:, ਇਨਫਾਰਮੇਸ਼ਨ ਟੈਕਨਾਲੋਜੀ, ਫੈਸ਼ਨ ਡਿਜਾਇੰਨ, ਗਾਰਮੈਂਟ ਟੈਕਨਾਲੋਜੀ ਅਤੇ ਮਾਡਰਨ ਆਫਿਸ ਪ੍ਰੈਕਟਿਸ ਚੱਲ ਰਹੇ ਹਨ। ਕਾਲਜ ਵਿਖੇ ਹੋਸਟਲ, ਖੇਡ ਗਰਾਊਂਡ, ਲਾਇਬ੍ਰੇਰੀ ਦੀ ਪੂਰੀ ਸੁਵਿਧਾ ਉਪਲਬਧ ਹੈ। ਇਸ ਸਮੇਂ ਦਾਖਲੇ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਪੰਜਾਬ ਸਰਕਾਰ ਦੇ ਇਸ ਉਦੱਮ ਨਾਲ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਦਾ ਸੁਪਨਾ ਪੂਰਾ ਹੋਵੇਗਾ।

Facebook Comments

Trending