ਸ੍ਰੀ ਅਨੰਦਪੁਰ ਸਾਹਿਬ : ਖ਼ਾਲਸੇ ਦੀ ਆਨ ਅਤੇ ਸ਼ਾਨ ਅਤੇ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ-ਮਹੱਲੇ ਦਾ ਤਿਉਹਾਰ ਅੱਜ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਯਾਦਗਾਰ ਹੋ ਨਿੱਬੜਿਆ। ਹੋਲੇ- ਮਹੱਲੇ ਦੀ ਸਮਾਪਤੀ ਅੱਜ ਤਿੰਨ ਦਿਨਾਂ ਤੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਈ, ਜਿਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਹੱਲਾ ਸਜਾਇਆ ਗਿਆ।
ਹੋਲੇ-ਮਹੱਲੇ ਦੇ ਅੰਤਿਮ ਦਿਨ ਅੱਜ ਨਿਹੰਗ ਸਿੰਘ ਫੌਜਾਂ ਵੱਲੋਂ ਖ਼ਾਲਸਾਈ ਜਾਹੋ-ਜਲਾਲ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਮਹੱਲਾ ਸਜਾਇਆ ਗਿਆ। ਇਸ ਮਹੱਲੇ ਨੂੰ ਵੇਖਣ ਲਈ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਪਹੁੰਚੀਆਂ।
ਗੁਰਦੁਆਰਾ ਸ਼ਹੀਦੀ ਬਾਗ ਤੋਂ ਨਿਹੰਗ ਜਥੇਬੰਦੀਆਂ ਵੱਲੋਂ ਮਹੱਲਾ ਸਜਾਇਆ ਗਿਆ, ਜੋ ਸ਼ਹਿਰ ਦੇ ਵੱਖ-ਵੱਖ ਰਸਤਿਆਂ ਤੋਂ ਹੁੰਦਾ ਹੋਇਆ ਚਰਨ ਗੰਗਾ ਸਟੇਡੀਅਮ ਪਹੁੰਚਿਆ, ਜਿੱਥੇ ਨਿਹੰਗ ਸਿੰਘ ਫੌਜਾਂ ਵੱਲੋਂ ਖ਼ਾਲਸੇ ਦੀ ਰਵਾਇਤ ਨੂੰ ਕਾਇਮ ਰੱਖਦੇ ਹੋਏ ਜੰਗਜੂ ਕਰਤੱਬ ਵਿਖਾਏ ਗਏ।
ਘੋੜ ਸਵਾਰ ਨਿਹੰਗ ਸਿੰਘਾਂ ਵੱਲੋਂ ਘੋੜ ਸਵਾਰੀ ਦੇ ਜੌਹਰ ਵਿਖਾਏ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਅੱਜ ਪੂਰੀ ਹੀ ਖ਼ਾਲਸੇ ਦੇ ਰੰਗ ਵਿੱਚ ਰੰਗੀ ਵਿਖਾਈ ਦਿੱਤੀ, ਜਿਸ ਪਾਸੇ ਨਜ਼ਰ ਜਾਂਦੀ ਸੀ ਸਿਰਫ਼ ਨੀਲੀਆਂ ਅਤੇ ਕੇਸਰੀ ਦਸਤਾਰਾਂ ਹੀ ਨਜ਼ਰ ਆਈਆਂ।