ਲੁਧਿਆਣਾ : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਹੋਇਆ ਜਿਸ ਵਿੱਚ ਨੇਤਰਹੀਣਾਂ ਦੀ ਸਰਕਾਰੀ ਸੰਸਥਾ ਜਮਾਲਪੁਰ ਵਿਖੇ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਡਿਊਟੀ ਲਗਾਉਣ ਸੰਬੰਧੀ ਵਿਚਾਰ ਵਟਾਂਦਰੇ ਕੀਤੇ ਗਏ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਗਈ ਸੀ ਕਿ ਨੇਤਰਹੀਣਾਂ ਦੀ ਸਰਕਾਰੀ ਸੰਸਥਾ ਜਮਾਲਪੁਰ ਵਿਖੇ 56 ਨੇਤਰਹੀਣ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਜਿਨ੍ਹਾਂ ਵਿੱਚੋਂ 33 ਲੜਕੇ ਅਤੇ 23 ਲੜਕੀਆਂ ਹਨ। ਇਸ ਸੰਸਥਾ ਵਿਖੇ ਸਟਾਫ ਦੀ ਬਹੁਤ ਘਾਟ ਹੈ।
ਡਿਪਟੀ ਕਮਿਸ਼ਨਰ ਮਲਿਕ ਵਲੋਂ ਮੀਟਿੰਗ ਵਿੱਚ ਇਹ ਮਾਮਲਾ ਵਿਚਾਰਿਆਂ ਗਿਆ ਅਤੇ ਜਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਅਤੇ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਲੁਧਿਆਣਾ ਨੂੰ ਲਿਖਤੀ ਰੂਪ ਵਿੱਚ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਨੇਤਰਹੀਣਾਂ ਦੀ ਸਰਕਾਰੀ ਸੰਸਥਾ ਜਮਾਲਪੁਰ ਵਿਖੇ ਜੁਲਾਈ ਮਹੀਨੇ ਛੁੱਟੀਆਂ ਖਤਮ ਹੋਣ ਮਗਰੋਂ ਸਪੈਸ਼ਲ ਅਧਿਆਪਕਾਂ ਦੀ ਡਿਊਟੀ ਲੱਗਾ ਕੇ ਸ਼ਡਿਊਲ ਦਫ਼ਤਰ ਡਿਪਟੀ ਕਮਿਸ਼ਨਰ ਨਾਲ ਸਾਂਝਾ ਕੀਤਾ ਜਾਵੇ ਤਾਂ ਜੋ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਵੱਧ ਤੋਂ ਵੱਧ ਨੇਤਰਹੀਣ ਦਿਵਿਆਂਗਜਨ ਵਿਦਿਆਰਥੀਆਂ ਨੂੰ ਸੇਵਾਵਾਂ ਮੁਹੱਈਆਂ ਕਰਵਾਈਆਂ ਜਾ ਸਕਣ।