ਲੁਧਿਆਣਾ : ਪੰਜਾਬ ਸਰਕਾਰ ਦੀਆਂ ਸਮਾਜਿਕ ਸੁਰੱਖਿਆ ਸਕੀਮਾਂ ਦਾ ਲਾਭ ਹਰੇਕ ਯੋਗ ਲਾਭਪਾਤਰੀ ਨੂੰ ਮਿਲਣਾ ਯਕੀਨੀ ਬਣਾਉਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣਾ ਦੇ ਹਰੇਕ ਬਲਾਕ ਵਿੱਚ ਅਗਲੇ ਦੋ ਮਹੀਨਿਆਂ ਤੱਕ ਹਰ ਬੁੱਧਵਾਰ ਨੂੰ ਪੈਨਸ਼ਨ ਕੇਸਾਂ ਸਬੰਧੀ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ 17 ਅਗਸਤ ਤੋਂ ਪਿੰਡ ਰੌਣੀ (ਖੰਨਾ ਬਲਾਕ), ਪਿੰਡ ਗੂੜ੍ਹੇ (ਜਗਰਾਉਂ), ਪਿੰਡ ਜੱਸੜ (ਡੇਹਲੋਂ), ਪਿੰਡ ਘਲੋਟੀ (ਦੋਰਾਹਾ), ਪਿੰਡ ਗੜ੍ਹੀ ਤਰਖਾਣਾ (ਮਾਛੀਵਾੜਾ), ਪਿੰਡ ਬੜੂੰਦੀ (ਪੱਖੋਵਾਲ), ਭਰਥਲਾ (ਸਮਰਾਲਾ), ਆਲਮਗੀਰ (ਲੁਧਿਆਣਾ-1), ਮੰਗਲੀ ਟਾਂਡਾ (ਲੁਧਿਆਣਾ-2), ਪਿੰਡ ਬੋਪਾਰਾਏ ਕਲਾਂ (ਸੁਧਾਰ), ਪਿੰਡ ਸ਼ੇਰਪੁਰ ਕਲਾਂ (ਸਿਧਵਾਂ ਬੇਟ) ਅਤੇ ਲੁਧਿਆਣਾ ਸ਼ਹਿਰ ਅਧੀਨ ਵਾਰਡ ਨੰ-85, ਵਾਰਡ ਨੰਬਰ ਨੰਬਰ-53, ਵਾਰਡ ਨੰ-50 ਅਤੇ ਵਾਰਡ ਨੰ-46 ਵਿਖੇ ਕੈਂਪ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਿਨੈਕਾਰਾਂ ਨੂੰ ਵੱਖ-ਵੱਖ ਸਮਾਜਿਕ ਸੁਰੱਖਿਆ ਸਕੀਮਾਂ ਦਾ ਲਾਭ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਕਿਉਂਕਿ ਲੋਕਾਂ ਦੀ ਸਰਗਰਮ ਸ਼ਮੂਲੀਅਤ ਹੀ ਇਸ ਉਪਰਾਲੇ ਨੂੰ ਸਫਲ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਰਾਹੀਂ ਲੋਕਾਂ ਲਈ ਵੱਖੋ-ਵੱਖ ਦਫ਼ਤਰਾਂ ਵਿੱਚ ਜਾਣ ਦੀ ਲੋੜ ਤੋਂ ਬਿਨਾਂ ਇੱਕੋ ਛੱਤ ਹੇਠ ਸਕੀਮਾਂ ਦਾ ਲਾਭ ਲੈਣ ਦਾ ਮੌਕਾ ਹੈ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ (ਡੀ.ਐਸ.ਐਸ.ਓ) ਲੁਧਿਆਣਾ ਇੰਦਰਪ੍ਰੀਤ ਕੌਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਆਧਾਰ ਨੰਬਰ, ਬੈਂਕ ਖਾਤਾ ਨੰਬਰ, ਦੋ ਪਾਸਪੋਰਟ-ਸਾਈਜ਼ ਤਸਵੀਰਾਂ, ਵਿਧਵਾ ਪੈਨਸ਼ਨ ਲਈ, ਵਿਧਵਾਵਾਂ ਨੂੰ ਆਪਣੇ ਪਤੀ ਦੀ ਮੌਤ ਦਾ ਸਰਟੀਫਿਕੇਟ, ਦੋ ਬੱਚਿਆਂ ਦੀਆਂ ਦੋ ਤਸਵੀਰਾਂ (21 ਸਾਲ ਦੀ ਉਮਰ ਤੋਂ ਘੱਟ) ਨਾਲ ਲਿਆਉਣ। ਉਨ੍ਹਾਂ ਦੇ ਆਧਾਰ ਨੰਬਰ, ਸਾਂਝੇ ਖਾਤਿਆਂ ਦਾ ਖਾਤਾ ਨੰਬਰ ਅਤੇ ਸ਼ਾਖਾ ਦਾ ਆਈ.ਐਫ.ਐਸ.ਸੀ. ਕੋਡ।