ਲੁਧਿਆਣਾ : ਸਵਰਨਕਾਰ ਦੀ ਦੁਕਾਨ ਤੋਂ ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਨੌਕਰ ਨੂੰ ਪੁਲਿਸ ਨੇ ਉਸ ਦੇ ਸਾਥੀ ਸਮੇਤ ਗਿ੍ਫ਼ਤਾਰ ਕੀਤਾ ਹੈ। ਇਸ ਸੰਬੰਧੀ ਏ. ਸੀ. ਪੀ. ਹਰੀਸ਼ ਬਹਿਲ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਦੀ ਸ਼ਨਾਖ਼ਤ ਆਕਾਸ਼ ਪੁੱਤਰ ਜੈ ਸਿੰਘ ਤੇ ਰਿੰਕੂ ਸਿੰਘ ਪੁੱਤਰ ਕਪਤਾਨ ਸਿੰਘ ਵਾਸੀ ਚੌੜਾ ਬਾਜ਼ਾਰ ਵਜੋਂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਆਕਾਸ਼ ਪਿਛਲੇ ਇਕ ਸਾਲ ਤੋਂ ਸਿਵਲ ਲਾਈਨ ਸਥਿਤ ਚੋਪੜਾ ਜਿਊਲਰ ‘ਤੇ ਕੰਮ ਕਰਦਾ ਸੀ। ਉਸ ਦੱਸਿਆ ਕਿ ਦੋ ਮਹੀਨੇ ਪਹਿਲਾਂ ਆਕਾਸ਼ ਛੁੱਟੀ ‘ਤੇ ਚਲਾ ਗਿਆ ਸੀ ਤੇ 27 ਮਈ ਨੂੰ ਹੀ ਵਾਪਸ ਆਪਣੇ ਪਿੰਡ ਤੋਂ ਆਇਆ ਸੀ। ਉਸ ਦਿਨ ਹੀ ਆਕਾਸ਼ ਨੇ ਦੁਕਾਨ ‘ਚ ਪਏ 22 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਚੋਰੀ ਕਰ ਲਏ ਤੇ ਉਥੋਂ ਫ਼ਰਾਰ ਹੋ ਗਿਆ।
ਆਕਾਸ਼ ਵਲੋਂ ਕੀਤੀ ਹਰਕਤ ਦੁਕਾਨ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਚੋਰੀ ਕਰਨ ਤੋਂ ਬਾਅਦ ਕਥਿਤ ਦੋਸ਼ੀ ਆਪਣੇ ਦੋਸਤ ਰਿੰਕੂ ਸਿੰਘ ਦੇ ਘਰ ਚਲਾ ਗਿਆ, ਜਿਥੋਂ ਕਿ ਇਹ ਦੋਵੇਂ ਸੋਨੇ ਦੇ ਗਹਿਣੇ ਵੇਚਣ ਦੀ ਤਿਆਰੀ ਕਰ ਰਹੇ ਸਨ ਕਿ ਪੁਲਿਸ ਨੇ ਇਨ੍ਹਾਂ ਦੋਵਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਦੇ ਕਬਜ਼ੇ ‘ਚੋਂ ਚੋਰੀ ਕੀਤੇ ਗਹਿਣੇ ਬਰਾਮਦ ਕੀਤੇ ਗਏ ਹਨ।