ਕਰਨਾਲ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਗਰੁੱਪ ਦੇ ਸੁਪ੍ਰੀਮੋ ਅਤੇ ਸੰਗਰੂਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਉਹ ਛੋਟੀ ਅਤੇ ਵੱਡੀ ਕਿਰਪਾਨ ਲੈ ਕੇ ਸੰਸਦ ਵਿਚ ਸਹੁੰ ਚੁੱਕਣ ਜਾਣਗੇ। ਜੇਕਰ ਉਨ੍ਹਾਂ ਨੂੰ ਜਾਣ ਤੋਂ ਰੋਕਿਆ ਤਾਂ ਉਹ ਪਿਛਲੀ ਵਾਰ ਵਾਂਗ ਸਹੁੰ ਨਹੀਂ ਚੁੱਕਣਗੇ।
ਸਿਮਰਨਜੀਤ ਸਿੰਘ ਮਾਨ ਬੀਤੇ ਦਿਨ ਦਿੱਲੀ ਜਾਂਦੇ ਸਮੇਂ ਐੱਨ. ਐੱਚ.-44 ’ਤੇ ਕਰਨਾਲ ਸਥਿਤ ਇਕ ਹੋਟਲ ਵਿਚ ਪੱਤਰਕਾਰਾਂ ਨਾਲ ਰੂ-ਬ-ਰੂ ਹੋਏ। ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਗਰੁੱਪ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਵਿਰਕ ਦੇ ਨਾਲ ਸੈਂਕੜੇ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਸਿੱਖ ਭਾਈਚਾਰੇ ਦੀ ਆਨ-ਬਾਨ-ਸ਼ਾਨ ਦੀ ਲੜਾਈ ਆਖ਼ਰੀ ਸਾਹ ਤੱਕ ਲੜਦੇ ਰਹਿਣਗੇ।
ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਨੇਤਾਵਾਂ ਦੀ ਸੋਚ ’ਤੇ ਤਰਸ ਆਉਂਦਾ ਹੈ, ਜੋ ਪੰਜਾਬੀ ਅਤੇ ਸਿੱਖ ਹੁੰਦੇ ਹੋਏ ਆਪਣੀ ਮਾਂ ਭਾਸ਼ਾ ਹਿੰਦੀ ਲਿਖਦੇ ਹਨ। ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਭਾਰਤੀ ਨੇਤਾਵਾਂ ਦੇ ਸਨਮਾਨਜਨਕ ਵਤੀਰਾ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਉਹ ਭਾਰਤ ਦੇ ਨਾਲ ਆਏ ਸਨ ਪਰ ਆਜ਼ਾਦੀ ਤੋਂ ਬਾਅਦ ਸਿੱਖਾਂ ਦੇ ਨਾਲ ਭਾਰਤ ਵਿਚ ਦੂਜੇ ਦਰਜੇ ਦਾ ਵਤੀਰਾ ਹੋ ਰਿਹਾ ਹੈ।