ਲੁਧਿਆਣਾ : ਸ਼ਿਮਲਾਪੁਰੀ ਦੀ ਗਲੀ ਨੰਬਰ 4 ਦੇ ਨਿਵਾਸੀਆਂ ਵਿਚ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਗਲੀ ਦੇ ਇੱਕ ਪਲਾਟ ਵਿੱਚ ਸਮਰੱਥਾ ਤੋਂ ਵੱਧ ਰੱਖੇ ਗਏ ਪਲਾਸਟਿਕ ਦੇ ਪੁਰਾਣੇ ਲਿਫਾਫਿਆਂ ਅਤੇ ਪਲਾਸਟਿਕ ਦੇ ਸਾਮਾਨ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ ਜਿਸ ਦਾ ਸੇਕ ਆਸ ਪਾਸ ਦੇ ਘਰਾਂ ਵਿੱਚ ਵੀ ਆਉਣਾ ਸ਼ੁਰੂ ਹੋ ਗਿਆ।
ਜਿਵੇਂ ਹੀ ਅੱਗ ਲੱਗਣ ਦੀ ਜਾਣਕਾਰੀ ਆਸਪਾਸ ਦੇ ਘਰਾਂ ਦੇ ਨਿਵਾਸੀਆਂ ਨੂੰ ਮਿਲੀ ਤਾਂ ਉਨ੍ਹਾਂ ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦੇਣ ਦੇ ਨਾਲ ਨਾਲ ਆਪਣੇ ਪੱਧਰ ਤੇ ਅੱਗ ‘ਤੇ ਕਾਬੂ ਪਾਉਣ ਲਈ ਟੂਟੀਆਂ ਤੇ ਪਾਈਪ ਲਗਾ ਕੇ ਅਤੇ ਬਾਲਟੀਆਂ ਨਾਲ ਪਾਣੀ ਸੁੱਟਣਾ ਸ਼ੁਰੂ ਕੀਤਾ। ਪਰ ਅੱਗ ਇੰਨੀ ਭਿਆਨਕ ਸੀ ਕਿ ਉਸ ਤੇ ਪਾਣੀ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ ਅਤੇ ਅੱਗ ਨੇ ਪਲਾਟ ਦੇ ਬਾਹਰੋਂ ਜਾਂਦੀਆਂ ਬਿਜਲੀ ਦੀਆਂ ਤਾਰਾਂ ਨੂੰ ਵੀ ਆਪਣੀ ਚਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ।
ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਮੁਸਤੈਦੀ ਦਾ ਪ੍ਰਗਟਾਵਾ ਕਰਦੇ ਹੋਏ ਆਪਣੀ ਸੂਝ ਬੂਝ ਨਾਲ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਇਸ ਸਬੰਧੀ ਮੌਕੇ ‘ਤੇ ਪੁੱਜੇ ਫਾਇਰ ਬ੍ਰਿਗੇਡ ਟੀਮ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਅੱਗ ‘ਤੇ ਕਾਬੂ ਪਾ ਲਿਆ ਜਿਸ ਤੋਂ ਬਾਅਦ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਗਰ ਪਲਾਟ ਵਿੱਚ ਨਿਯਮਾਂ ਤੋਂ ਉਲਟ ਕੋਈ ਸਾਮਾਨ ਸਟੋਰ ਕੀਤਾ ਹੋਇਆ ਹੋਵੇਗਾ ਤਾਂ ਉਸ ਦੇ ਮਾਲਕ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।