ਲੁਧਿਆਣਾ : ਥਾਣਾ ਮੇਹਰਬਾਨ ਦੀ ਪੁਲਸ ਨੇ 4 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਹੈ।ਉਕਤ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਤਫਤੀਸ਼ੀ ਅਧਿਕਾਰੀ ਐੱਸਐੱਚਓ ਰਾਧੇਸ਼ਿਆਮ ਨੇ ਦੱਸਿਆ ਕਿ ਪੀੜਤ ਔਰਤ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ 9 ਦਸੰਬਰ ਨੂੰ ਉਸ ਦੀ 4 ਸਾਲਾ ਬੇਟੀ ਆਪਣੀ ਦਾਦੀ ਨਾਲ ਕਿਤੇ ਜਾ ਰਹੀ ਸੀ। ਉਹ ਰਸਤੇ ਵਿੱਚ ਲਾਪਤਾ ਹੋ ਗਈ।
ਇਸ ਤੋਂ ਬਾਅਦ ਪੀੜਤ ਔਰਤ ਨੇ ਆਪਣੇ ਭਰਾ ਨਾਲ ਮਿਲ ਕੇ ਆਪਣੀ ਬੇਟੀ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇੱਕ ਖਾਲੀ ਘਰ ਵਿੱਚੋਂ ਇੱਕ ਲੜਕੀ ਦੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ।ਜਦੋਂ ਪੀੜਤ ਔਰਤ ਨੇ ਆਪਣੇ ਭਰਾ ਨਾਲ ਜਾ ਕੇ ਉਸ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਬਜਾਦਾ ਕਾਲੋਨੀ ਦਾ ਰਹਿਣ ਵਾਲਾ ਅੰਕਿਤ ਕੁਮਾਰ 4 ਸਾਲਾ ਮਾਸੂਮ ਬੱਚੀ ਦੇ ਕੱਪੜੇ ਉਤਾਰ ਕੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।ਇਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਖਿਲਾਫ ਜਬਰ-ਜ਼ਨਾਹ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।