ਖੰਨਾ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ ‘ਰੁੱਖ ਲਗਾਉ ਵਾਤਾਵਰਣ ਬਚਾਓ’ ਸੰਸਥਾ ਦੇ ਮੈਂਬਰਾਂ ਨੇ ਜਿਲਾ ਜੰਗਲਾਤ ਅਫਸਰ ਲੁਧਿਆਣਾ ਸ੍ਰ. ਹਰਭਜਨ ਸਿੰਘ ਦੀ ਰਹਿਨੁਮਾਈ ‘ਚ, ਵਣ ਰੇਂਜ ਅਫਸਰ ਦੋਰਾਹਾ ਸ੍ਰ. ਜਸਵੀਰ ਸਿੰਘ ਰਾਏ ਦੀ ਹਾਜਰੀ ’ਚ ਅਤੇ ਵਾਤਾਵਰਣ ਪ੍ਰੇਮੀ ਹਰਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ’ਚ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ ਨੰਬਰ 10 ’ਚ ਬੂਟੇ ਲਗਾਕੇ ਵਾਤਾਵਰਣ ਬਚਾਉਣ ਦਾ ਸੰਦੇਸ਼ ਦਿੱਤਾ।
ਸ੍ਰ. ਜਸਵੀਰ ਸਿੰਘ ਰਾਏ ਨੇ ਸੰਸਥਾ ਵੱਲੋਂ ਵਾਤਾਵਰਣ ਬਚਾਉਣ ਲਈ, ਚੌਗਿਰਦੇ ਨੂੰ ਹਰਾ ਭਰਾ ਰੱਖਣ ਲਈ ਬੂਟੇ ਲਗਾਉਣ ਦੇ ਨਾਲ ਨਾਲ ਵਿਦਿਆਰਥੀ ਵਰਗ ਤੇ ਸਮਾਜ ਨੂੰ ਜਾਗਰੂਕ ਕਰਨ ਦੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਉਹਨਾਂ ਨਾਲ ਉਚੇਚੇ ਤੌਰ ’ਤੇ ਪੁੱਜੇ ਬਲਾਕ ਅਫਸਰ ਸੁਰਿੰਦਰ ਸਿੰਘ ਗਿੱਲ, ਵਣ ਗਾਰਡ ਬੀਟ ਅਫਸਰ ਸੁਰਿੰਦਰ ਸਿੰਘ ਤੇ ਮਨਜਿੰਦਰ ਕੌਰ ਵਣ ਗਾਰਡ ਬੀਟ ਅਫਸਰ ਨੇ ਵੀ ਸੰਸਥਾ ਵੱਲੋਂ ਵਾਤਾਵਰਣ ਬਚਾਉਣ ਲਈ ਕੀਤੇ ਜਾ ਰਹੇ ਕਾਰਜਾਂ ਪ੍ਰਤੀ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।
ਇਸ ਤੋਂ ਪਹਿਲਾਂ ਸਕੂਲ ਦੇ ਹੈਡ ਟੀਚਰ ਸ਼ਾਲੂ ਕਪੂਰ ਤੇ ਵਾਤਾਵਰਣ ਪ੍ਰੇਮੀ ਹਰਪ੍ਰੀਤ ਸਿੰਘ ਦੀ ਅਗਵਾਈ ’ਚ ਟੀਚਰਾਂ ਤੇ ਸੰਸਥਾ ਦੇ ਮੈਂਬਰਾਂ ਨੇ ਵਣ ਰੇਂਜ ਅਫਸਰ ਜਸਵੀਰ ਸਿੰਘ ਰਾਏ ਸਮੇਤ ਦੂਸਰੇ ਅਧਿਕਾਰੀਆਂ ਦੇ ਹਾਰ ਤੇ ਸਿਰੋਪੇ ਪਾ ਕੇ ਸਨਮਾਨ ਕੀਤਾ। ਇਸ ਮੌਕੇ ਪ੍ਰਿੰਸ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸ਼ਹੀਦ ਏ ਆਜਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਮਿੱਥੇ ਟੀਚੇ ਨੂੰ ਹਾਸਲ ਕਰਨ ਲਈ ਸੰਸਥਾ ਯਤਨਸ਼ੀਲ ਹੈ।
ਸਕੂਲ ਦੇ ਹੈਡ ਟੀਚਰ ਮੈਡਮ ਸ਼ਾਲੂ ਕਪੂਰ ਨੇ ਸਕੂਲ ’ਚ ਬੂਟੇ ਲਗਾਉਣ ਲਈ ਹਾਜਰ ਅਧਿਕਾਰੀਆਂ ਅਤੇ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਣ ਰੇਂਜ ਅਫਸਰ ਦੋਰਾਹਾ ਜਸਵੀਰ ਸਿੰਘ ਰਾਏ ਤੋਂ ਇਲਾਵਾ ਬਲਾਕ ਅਫਸਰ ਸੁਰਿੰਦਰ ਸਿੰਘ ਗਿੱਲ, ਵਣ ਗਾਰਡ ਬੀਟ ਅਫਸਰ ਸੁਰਿੰਦਰ ਸਿੰਘ, ਵਣਗਾਰਡ ਬੀਟ ਅਫਸਰ ਮਨਜਿੰਦਰ ਕੌਰ, ਸਕੂਲ ਹੈਡ ਟੀਚਰ ਸ਼ਾਲੂ ਕਪੂਰ, ਟੀਚਰ ਮਨਦੀਪ ਸਿੰਘ (ਹਾਕੀ ਖਿਡਾਰੀ), ਟੀਚਰ ਪੱਲਵੀ, ਮਾਸਟਰ ਹਰਬੰਸ ਸਿੰਘ ਅਤੇ ਭਗਵਾਨ ਸਿੰਘ ਵੀ ਹਾਜਰ ਸਨ।