ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਮਿੱਲਰ ਗੰਜ, ਲੁਧਿਆਣਾ ਵਿਖੇ ਚਲਾਇਆ ਗਿਆ ਸੱਤ ਰੋਜ਼ਾ ਐਨ.ਐੱਸ.ਐੱਸ. ਕੈਂਪ ਅੱਜ ਸਫ਼ਲਤਾਪੂਰਵਕ ਸੰਪੰਨ ਹੋ ਗਿਆ। “ਸਵੱਛ ਭਾਰਤ ਅਤੇ ਫਿੱਟ ਇੰਡੀਆ” ਦੇ ਥੀਮ ਨੂੰ ਲੈ ਲਾਏ ਗਏ ਇਸ ਕੈਂਪ ਵਿੱਚ ਵਲੰਟੀਅਰਜ਼ ਦੀ ਸ਼ਖ਼ਸੀਅਤ ਨੂੰ ਨਿਖਾਰਨ ਦੇ ਨਾਲ ਨਾਲ ਉਹਨਾਂ ਨੂੰ ਚੰਗੇ ਸਮਾਜ ਦਾ ਨਿਰਮਾਣ ਕਰਨ ਲਈ ਆਪਣਾ ਯੋਗਦਾਨ ਦੇਣ ਦੀ ਸਿੱਖਿਆ ਦਿੱਤੀ ਗਈ। ਵਲੰਟੀਅਰਾਂ ਨੂੰ ਨਿੱਜੀ ਸਫ਼ਾਈ ਰੱਖਣ, ਸਵੈ ਰੱਖਿਆ ਅਤੇ ਲੋੜਵੰਦਾਂ ਤੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਬਾਰੇ ਦੱਸਿਆ ਗਿਆ।
ਕੈਂਪ ਦੌਰਾਨ ਵਲੰਟੀਅਰਜ਼ ਵੱਲੋਂ ਪੋਸਟਰ ਮੇਕਿੰਗ ,ਸਲੋਗਨ ਰਾਈਟਿੰਗ, ਸਮਾਜਿਕ ਅਤੇ ਨੈਤਿਕ ਕਦਰਾਂ ਕੀਮਤਾਂ ਉੱਤੇ ਆਧਾਰਿਤ ਭਾਸ਼ਨ ਲੜੀਆਂ ਦਾ ਆਯੋਜਨ ਕੀਤਾ ਗਿਆ। ਸਿਵਲ ਡਿਫੈਂਸ ਦੇ ਕਾਰਕੁਨਾਂ ਵੱਲੋਂ ਵਲੰਟੀਅਰਜ਼ ਨੂੰ ਸਵੈ ਰੱਖਿਆ, ਮੁਢਲੀ ਡਾਕਟਰੀ ਸਹਾਇਤਾ ,ਮਰੀਜਾਂ ਨੂੰ ਨਕਲੀ ਸਾਹ ਦੇਣ ਸੰਬੰਧੀ ਸਿਖਲਾਈ ਦਿੱਤੀ ਗਈ।
ਕੁਦਰਤੀ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਕਾਲਜ ਕੈਂਪਸ ਅਤੇ ਆਲੇ-ਦੁਆਲੇ ਨਵੇਂ ਪੌਦੇ ਲਗਾਏ ਗਏ। ਚਾਇਨਾ ਡੋਰ ਦੇ ਦੇ ਮਾੜੇ ਪ੍ਰਭਾਵ ਕਾਰਨ ਹੋ ਰਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਵਲੰਟੀਅਰਜ਼ ਵੱਲੋਂ ਨੁੱਕੜ ਨਾਟਕ ਖੇਡਿਆ ਗਿਆ ਜਿਸ ਵਿੱਚ ਚਾਈਨਾ ਡੋਰ ਦੀ ਬਜ਼ਾਰ ਵਿੱਚ ਵਿਕਰੀ ਨੂੰ ਬੰਦ ਕਰਨ ਲਈ ਪੁਰਜ਼ੋਰ ਅਪੀਲ ਕੀਤੀ ਗਈ। ਲੋਹੜੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਕਾਲਜ ਕੈਂਪਸ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ।ਮਾਘੀ ਦੇ ਮੌਕੇ ਇਸ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ।
ਵਲੰਟੀਅਰਜ਼ ਨੇ ਗੁਰਦੁਆਰਾ ਸ੍ਰੀ ਫਲਾਹੀ ਸਾਹਿਬ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਜਾ ਕੇ ਸੇਵਾ ਕੀਤੀ। ਅੱਜ ਕੈਂਪ ਦੇ ਆਖ਼ਰੀ ਦਿਨ ਆਲੇ ਦੁਆਲੇ ਨੂੰ ਸਾਫ਼ ਰੱਖਣ ਲਈ ਚੇਤਨਾ ਰੈਲੀ ਕੱਢੀ ਗਈ, ਸਲੱਮ ਏਰੀਆ ਦੇ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ ਦੀ ਅਪੀਲ ਕੀਤੀ ਗਈ ਤਾਂ ਕਿ ਅਸੀਂ ਸਾਫ਼ ਸੁਥਰੇ ਆਲੇ-ਦੁਆਲੇ ਵਿੱਚ ਤੰਦਰੁਸਤ ਰਹਿ ਸਕੀਏ। ਸੱਤ ਦਿਨਾਂ ਦੇ ਕੈਂਪ ਦੌਰਾਨ ਵਲੰਟੀਅਰਜ਼ ਨੇ ਕਾਲਜ ਕੈਂਪਸ ਅਤੇ ਆਲੇ-ਦੁਆਲੇ ਨੂੰ ਸਾਫ਼ ਕਰਕੇ ਇਸ ਦੀ ਪੂਰੀ ਦਿੱਖ ਨੂੰ ਹੀ ਬਦਲ ਕੇ ਰੱਖ ਦਿੱਤਾ ।
ਅੱਜ ਵਲੰਟੀਅਰਜ਼ ਦੀਆਂ ਅੱਖਾਂ ਦਾ ਚੈੱਕਅਪ ਕੈਂਪ ਵੀ ਲਗਾਇਆ ਜਿਸ ਵਿੱਚ ਮਾਹਰ ਡਾਕਟਰਾਂ ਨੇ ਉਹਨਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ । ਅੱਜ ਆਖ਼ਰੀ ਦਿਨ ਵਲੰਟੀਅਰਜ਼ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਸਾਰਿਆਂ ਨੂੰ ਕੈਂਪ ਦੇ ਯਾਦਗਾਰੀ ਚਿੰਨ੍ਹ ਵਜੋਂ ਪੈੱਨ ਵੰਡੇ ਗਏ। ਅਖ਼ੀਰ ਵਿੱਚ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਨੇ ਰੈਲੀ ਬਾਰੇ ਵਲੰਟੀਅਰਜ਼ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਤੁਹਾਡਾ ਇਹ ਬਹੁਤ ਵਧੀਆ ਉਪਰਾਲਾ ਹੈ, ਸਾਨੂੰ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ।
ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਜਨਰਲ ਸਕੱਤਰ ਸ. ਗੁਰਚਰਨ ਸਿੰਘ ਲੋਟੇ ਅਤੇ ਕਾਲਜ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਨੇ ਕੈਂਪ ਦੇ ਪ੍ਰੋਗਰਾਮ ਅਫ਼ਸਰਾਂ ਪ੍ਰੋ.ਕਿਰਨ ਬਾਲਾ,ਪ੍ਰੋ.ਹਿਨਾ ਅਤੇ ਡਾ. ਹਰਬਿੰਦਰ ਕੌਰ ਨੂੰ ਇਸ ਦੇ ਸਫ਼ਲ ਆਯੋਜਨ ਲਈ ਵਧਾਈ ਦਿੱਤੀ।