ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਵਲੋਂ ਭਾਰਤੀ ਖੇਤੀ ਖੋਜ ਪਰਿਸ਼ਦ ਦੀ ਸਕੀਮ ‘ਭਾਰਤ ਵਿਚ ਉਚੇਰੀ ਸਿੱਖਿਆ ਦਾ ਵਿਕਾਸ ਤੇ ਸ਼ਕਤੀਕਰਨ’ ਵਿਸ਼ੇ ਤਹਿਤ ਵਰਤਮਾਨ ਹਾਲਾਤ ਦੇ ਮੱਦੇਨਜ਼ਰ ਵਿਗਿਆਨਕ ਅਤੇ ਸਮਾਜਿਕ ਪਹਿਲੂਆਂ ‘ਤੇ ਇਕ ਭਾਸ਼ਣ ਲੜੀ ਦਾ ਆਯੋਜਨ ਕੀਤਾ।
ਇਸ ਲੜੀ ਲਈ ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਬਤੌਰ ਮੁੱਖ ਸਰਪ੍ਰਸਤ ਤੇ ਡਾ. ਵਾਈ.ਐਸ. ਮਲਿਕ ਡੀਨ ਐਨੀਮਲ ਬਾਇਓਤਕਨਾਲੋਜੀ ਕਾਲਜ ਨੇ ਸਰਪ੍ਰਸਤ ਦੇ ਤੌਰ ‘ਤੇ ਅਗਵਾਈ ਕੀਤੀ। ਡਾ. ਮਲਿਕ ਨੇ ਕਿਹਾ ਕਿ ਇਸ ਵਕਤ ਸਮੇਂ ਦੀ ਲੋੜ ਹੈ ਕਿ ਵਿਦਿਆਰਥੀਆਂ ਨੂੰ ਵਿਭਿੰਨ ਵਿਸ਼ਿਆਂ ਅਤੇ ਖੇਤਰਾਂ ਦੇ ਗਿਆਨ ਨਾਲ ਜੋੜਿਆ ਜਾਏ। ਇਸ ਨਾਲ ਉਹ ਸਵੈ ਸਮਰੱਥ ਹੋਣਗੇ ਅਤੇ ਬਾਹਰੀ ਸੰਸਾਰ ਵਿਚ ਵਧੇਰੇ ਵਿਸ਼ਵਾਸ਼ ਨਾਲ ਵਿਚਰ ਸਕਣਗੇ।
ਡਾ. ਰਾਮ ਸਰਨ ਸੇਠੀ ਅਤੇ ਡਾ. ਸਿਮਰਿੰਦਰ ਸਿੰਘ ਸੋਢੀ ਨੇ ਬਤੌਰ ਸੰਯੋਜਕ ਕਾਰਜ ਕੀਤਾ। ਡਾ. ਆਸ਼ੂ ਤੂਰ ਪੀ.ਏ.ਯੂ. ਨੇ ‘ਵਿਦਿਅਕ ਲੇਖਣੀ ਵਿਚ ਸ਼ਬਦ ਚੋਣ ਅਤੇ ਉਚਾਰਣ ਸੰਬੰਧੀ’ ਜਾਣਕਾਰੀ ਸਾਂਝੀ ਕੀਤੀ। ਦਿੱਲੀ ਯੂਨੀਵਰਸਿਟੀ ਦੇ ਡਾ. ਰਾਜੀਵ ਕੌਲ ਨੇ ‘ਟੀਕਿਆਂ ਦੇ ਨਿਰਮਾਣ ਵਿਚ ਭੂਤ ਦੇ ਸਬਕ ਅਤੇ ਭਵਿੱਖ ‘ਤੇ ਪ੍ਰਭਾਵ’ ਵਿਸ਼ੇ ‘ਤੇ ਵਿਚਾਰ ਸਾਂਝੇ ਕੀਤੇ।
ਪੀਏਯੂ ਤੋਂ ਡਾ. ਸੁਮੇਧਾ ਭੰਡਾਰੀ ਨੇ ‘ਬਿਹਤਰ ਸੰਚਾਰ ਕੌਸ਼ਲ’ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਡਾ. ਹਰਪ੍ਰੀਤ ਸਿੰਘ ਲੋਕ ਸੰਪਰਕ ਅਫ਼ਸਰ ਨੇ ‘ਤਣਾਅ ਪ੍ਰਬੰਧਨ’ ਅਤੇ ‘ਇਕਾਗਰ ਮਨ’ ਵਿਸ਼ੇ ‘ਤੇ ਗੱਲਬਾਤ ਕੀਤੀ।