Connect with us

ਪੰਜਾਬੀ

ਭਾਰਤ ਸਰਕਾਰ ਦੇ ਮੱਛੀ ਪਾਲਣ ਵਿਭਾਗ ਦੇ ਸਕੱਤਰ ਨੇ ਪੀ ਏ ਯੂ ਦਾ ਕੀਤਾ ਦੌਰਾ 

Published

on

Secretary, Department of Fisheries, Government of India visited PAU

ਲੁਧਿਆਣਾ :  ਭਾਰਤ ਸਰਕਾਰ ਦੇ ਮੱਛੀ ਪਾਲਣ ਵਿਭਾਗ ਦੇ ਸਕੱਤਰ ਸ੍ਰੀ ਜਤਿੰਦਰ ਨਾਥ ਸਵੈਨ ਨੇ ਪੀ ਏ ਯੂ ਦੇ ਕਈ ਵਿਭਾਗਾਂ ਦਾ ਦੌਰਾ ਕੀਤਾ। ਉਹ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਆਪਣੇ ਦੌਰੇ ਦੇ ਨਾਲ ਹੀ ਪੀ ਏ ਯੂ ਵਿਚ ਵੀ ਆਏ। ਸ਼੍ਰੀ ਸਵੈਨ ਨੇ ਪੀ ਏ ਯੂ ਵਲੋਂ ਖੇਤੀ ਵਿਗਿਆਨ ਅਤੇ ਪਸਾਰ ਦੇ ਖੇਤਰ ਵਿਚ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਜਦੋਂ ਭਾਰਤ ਦੇ ਲੋਕ ਅਜ਼ਾਦੀ ਤੋਂ ਬਾਅਦ ਭੁੱਖਮਰੀ ਨਾਲ ਜੂਝ ਰਹੇ ਸਨ ਉਦੋਂ ਪੀ ਏ ਯੂ ਦੇ ਮਾਹਿਰਾਂ ਅਤੇ ਪੰਜਾਬ ਦੇ ਕਿਸਾਨਾਂ ਨੇ ਮਿਲ ਕੇ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ। ਇਸੇ ਦਾ ਨਤੀਜਾ ਹੈ ਕਿ ਅੱਜ ਦੇਸ਼ ਦੇ ਅਨਾਜ ਭੰਡਾਰ ਭਰੇ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਖੇਤੀ ਦੇ ਨਾਲ ਹੋਰ ਕਿੱਤਿਆਂ ਨਾਲ ਜੁੜਨ ਦਾ ਸਮਾਂ ਹੈ। ਪੀ ਏ ਯੂ ਇਸ ਖੇਤਰ ਵਿਚ ਵੀ ਪਹਿਲਕਦਮੀ ਕਰਦੀ ਰਹੀ ਹੈ।

ਸ਼੍ਰੀ ਸਵੈਨ ਨੇ ਭੋਜਨ ਪ੍ਰੋਸੈਸਿੰਗ ਅਤੇ ਤਕਨਾਲੋਜੀ ਵਿਭਾਗ ਦੀਆਂ ਪ੍ਰੋਸੈਸਿੰਗ ਦੇ ਖੇਤਰ ਵਿਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਨਾਲ ਹੀ ਸ਼੍ਰੀ ਜਤਿੰਦਰ ਨਾਥ ਸਵੈਨ ਨੇ ਭੂਮੀ ਵਿਗਿਆਨ ਵਿਭਾਗ ਅਤੇ ਭੂਮੀ ਤੇ ਪਾਣੀ ਇੰਜਨੀਅਰਿੰਗ ਵਿਭਾਗ ਦਾ ਦੌਰਾ ਵੀ ਕੀਤਾ। ਉਨ੍ਹਾਂ ਨੇ ਇਨ੍ਹਾਂ ਵਿਭਾਗਾਂ ਵਲੋਂ ਭੂਮੀ ਤੇ ਪਾਣੀ ਸੰਭਾਲ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਗਹੁ ਨਾਲ ਦੇਖਿਆ।

ਇਹ ਦੌਰਾ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਦੀ ਨਿਗਰਾਨੀ ਹੇਠ ਨੇਪਰੇ ਚੜ੍ਹਿਆ। ਭੂਮੀ ਵਿਗਿਆਨ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਡਾ ਓ ਪੀ ਚੌਧਰੀ ਨੇ, ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੀ ਕਾਰਜ ਪ੍ਰਣਾਲੀ ਬਾਰੇ ਡਾ ਸ਼ਾਰਦਾ ਨੇ, ਭੋਜਨ ਪ੍ਰੋਸੈਸਿੰਗ ਵਿਭਾਗ ਬਾਰੇ ਡਾ ਐੱਮ ਐੱਸ ਆਲਮ ਨੇ ਅਤੇ ਭੋਜਨ ਉਦਯੋਗ ਅਤੇ ਤਕਨਾਲੋਜੀ ਵਿਭਾਗ ਬਾਰੇ ਡਾ ਸਵਿਤਾ ਸ਼ਰਮਾ ਨੇ ਮਹਿਮਾਨ ਨੂੰ ਜਾਣੂ ਕਰਾਇਆ।

ਸ਼੍ਰੀ ਸਵੈਨ ਦਾ ਸਵਾਗਤ ਕਰਦਿਆਂ ਪੀ ਏ ਯੂ ਦੇ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਯੂਨੀਵਰਸਿਟੀ ਵਲੋਂ ਪਸਾਰ ਕਾਰਜਾਂ ਵਜੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਸਾਹਿਤ ਨਾਲ ਜਾਣੂੰ ਕਰਾਇਆ। ਡਾ ਰਿਆੜ ਨੇ ਦੱਸਿਆ ਕਿ ਯੂਨੀਵਰਸਿਟੀ ਹਰ ਸਾਲ ਖੇਤੀ ਡਾਇਰੀ ਪ੍ਰਕਾਸ਼ਿਤ ਕਰਕੇ ਕਿਸਾਨਾਂ ਤੇ ਖੇਤੀ ਖੇਤਰ ਦੇ ਲੋਕਾਂ ਨੂੰ ਸਾਲ ਦੀ ਵਿਉਂਤਬੰਦੀ ਦਾ ਮੌਕਾ ਪ੍ਰਦਾਨ ਕਰਦੀ ਹੈ।

ਨਾਲ ਹੀ ਹਾੜ੍ਹੀ ਸਾਉਣੀ ਦੀਆਂ ਫ਼ਸਲਾਂ ਦੀ ਕਿਤਾਬ, ਮਾਸਿਕ ਰਸਾਲੇ, ਬੁਲਿਟਿਨ, ਕਿਤਾਬਾਂ ਆਦਿ ਨਾਲ ਜਾਣੂੰ ਕਰਾਇਆ। ਡਾ ਰਿਆੜ ਨੇ ਯੂਨੀਵਰਸਿਟੀ ਵਲੋਂ ਪਸਾਰ ਕਾਰਜਾਂ ਲਈ ਸੋਸ਼ਲ ਮੀਡੀਆ ਮਾਧਿਅਮ ਦੀ ਵਰਤੋਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਯੂਨੀਵਰਸਿਟੀ ਦੇ ਖੇਤੀ ਸਿਖਲਾਈ ਸੰਬੰਧੀ ਕੀਤੇ ਜਾ ਰਹੇ ਕਾਰਜਾਂ ਦਾ ਵੀ ਜ਼ਿਕਰ ਕੀਤਾ।

ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਸ਼੍ਰੀ ਸਵੈਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਪੀ ਏ ਯੂ ਦੇ ਖੋਜ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮਹਿਮਾਨ ਦਾ ਧੰਨਵਾਦ ਕਰਦਿਆਂ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਉਹ ਖੇਤੀ ਖੋਜ ਤੇ ਪਸਾਰ ਕਾਰਜਾਂ ਪ੍ਰਤੀ ਸੰਜੀਦਗੀ ਨਾਲ ਜਾਣ ਰਹੇ ਹਨ। ਇਸ ਮੌਕੇ ਸਕੱਤਰ ਨੂੰ ਨਵੇਂ ਸਾਲ ਦੀ ਡਾਇਰੀ ਅਤੇ ਪੀ ਏ ਯੂ ਦਾ ਚੋਣਵਾਂ ਸਾਹਿਤ ਵੀ ਭੇਂਟ ਕੀਤਾ ਗਿਆ।

Facebook Comments

Trending