ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੂੰ ਵੈਟਰਨਰੀ ਵਿਗਿਆਨ ਦੀ ਰਾਸ਼ਟਰੀ ਅਕਾਦਮੀ ਤੋਂ ਬੜੇ ਮਾਣਮੱਤੇ ਸਨਮਾਨ ਹਾਸਲ ਕੀਤੇ। ਇਹ ਸਨਮਾਨ ਇਸ ਅਕਾਦਮੀ ਦੀ 20ਵੀਂ ਕਨਵੋਕੇਸ਼ਨ ਤੇ ਵਿਗਿਆਨਕ ਕਨਵੈੱਨਸ਼ਨ ਦੇ ਮੌਕੇ ‘ਤੇ ਪ੍ਰਦਾਨ ਕੀਤੇ ਗਏ।
ਮਹਾਂਰਾਸ਼ਟਰ ਐਨੀਮਲ ਤੇ ਫ਼ਿਸ਼ਰੀਜ਼ ਸਾਇੰਸਜ਼ ਯੂਨੀਵਰਸਿਟੀ ਨਾਗਪੁਰ ਦੇ ਵੈਟਰਨਰੀ ਕਾਲਜ ਵਿਖੇ ਹੋਈ ਇਸ ਕਨਵੈੱਨਸ਼ਨ ਦਾ ਵਿਸ਼ਾ ਸੀ ‘ਕੁੱਲ ਘਰੇਲੂ ਉਤਪਾਦ ਵਾਧੇ ਸੰਬੰਧੀ ਪਸ਼ੂਧਨ ਤੇ ਮੁਰਗ਼ੀ ਉਤਪਾਦਨ ਬਿਹਤਰੀ ਲਈ ਵੈਟਰਨਰੀ ਸਿੱਖਿਆ, ਖੋਜ ਤੇ ਪਸਾਰ ਦਾ ਮੁੜ ਗਠਨ’ .ਅਕਾਦਮੀ ਨੇ ਡਾ. ਪਰਕਾਸ਼ ਸਿੰਘ ਬਰਾੜ ਨਿਰਦੇਸ਼ਕ ਪਸਾਰ ਸਿੱਖਿਆ ਨੂੰ ਫੈਲੋਸ਼ਿਪ ਨਾਲ ਨਿਵਾਜਿਆ। ਉਨ੍ਹਾਂ ਨੂੰ ਇਹ ਸਨਮਾਨ ਵੈਟਰਨਰੀ ਵਿਗਿਆਨ ਦੇ ਖੇਤਰ ‘ਚ ਉੱਤਮ ਤੇ ਜ਼ਿਕਰਯੋਗ ਯੋਗਦਾਨ ਪਾਉਣ ਸੰਬੰਧੀ ਦਿੱਤਾ ਗਿਆ।
ਡਾ. ਮਿਰਗੰਕ ਹੋਨਪਾਰਖੇ ਪਿ੍ੰਸੀਪਲ ਵਿਗਿਆਨੀ ਨੂੰ ਅਧਿਆਪਨ, ਖੋਜ ਤੇ ਪਸਾਰ ਸਿੱਖਿਆ ਦੇ ਖੇਤਰ ਵਿਚ ਕੀਤੇ ਗਏ ਕਾਰਜ ਲਈ ਮੈਂਬਰਸ਼ਿਪ ਸਨਮਾਨ ਨਾਲ ਨਿਵਾਜਿਆ ਗਿਆ। ਡਾ. ਨਿਤਿਨ ਮਹਿਤਾ ਸਹਿਯੋਗੀ ਪ੍ਰੋਫੈਸਰ ਨੂੰ ਵੀ ਮੈਂਬਰਸ਼ਿਪ ਸਨਮਾਨ ਨਾਲ ਸਨਮਾਨਿਆ ਗਿਆ। ਡਾ. ਵਾਈ. ਐਸ. ਜਾਦੋਂ ਸਹਾਇਕ ਪ੍ਰੋਫੈਸਰ ਨੂੰ ਵੀ ਮੈਂਬਰਸ਼ਿਪ ਸਨਮਾਨ ਪ੍ਰਦਾਨ ਕੀਤਾ ਗਿਆ। ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਵੈਟਰਨਰੀ ਵਿਗਿਆਨ ਦੇ ਖੇਤਰ ਵਿਚ ਬਿਹਤਰੀਨ ਕਾਰਗੁਜ਼ਾਰੀ ਦਰਸਾਉਣ ਤੇ ਰਾਸ਼ਟਰੀ ਪੱਧਰ ‘ਤੇ ਇਹ ਸਨਮਾਨ ਹਾਸਿਲ ਕਰਨ ਲਈ ਸਾਰੇ ਵਿਗਿਆਨੀਆਂ ਦੀ ਸਰਾਹਨਾ ਕੀਤੀ ਅਤੇ ਮੁਬਾਰਕਬਾਦ ਦਿੱਤੀ।