ਲੁਧਿਆਣਾ : ਪੀ.ਏ.ਯੂ. ਵਿੱਚ ਚਲ ਰਹੇ ਸਕੂਲ ਆਫ ਬਿਜ਼ਨਸ ਸਟੱਡੀਜ਼ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਯੋਗ ਜਾਣਕਾਰੀ ਮੁਹੱਈਆ ਕਰਾਉਣ ਲਈ ਕਿਤਾਬਚਾ ਜਾਰੀ ਕੀਤਾ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਕਿਤਾਬਚੇ ਰਾਹੀਂ ਹਰ ਤਰ੍ਹਾਂ ਦੀਆਂ ਅਕਾਦਮਿਕ, ਸੱਭਿਆਚਾਰਕ ਅਤੇ ਖੇਡਾਂ ਦੀਆਂ ਵਿਭਾਗੀ ਗਤੀਵਿਧੀਆਂ ਦੀ ਜਾਣਕਾਰੀ ਮੁਹੱਈਆ ਕਰਾਈ ਗਈ ਹੈ ।
ਇਸ ਕਿਤਾਬਚੇ ਵਿੱਚ ਵਿਭਾਗ ਵੱਲੋਂ 55ਵੀਂ ਸਲਾਨਾ ਐਥਲੈਟਿਕ ਮੀਟ, ਯੋਗਾ ਅਤੇ ਉਤਸ਼ਾਹ ਵਰਧਕ ਵਰਕਸ਼ਾਪ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ-ਨਾਲ ਅਕਾਦਮਿਕ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਾਈ ਗਈ ਹੈ ।
ਬੀਤੇ ਦਿਨੀਂ ਇਸ ਕਿਤਾਬਚੇ ਨੂੰ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ ਨੇ ਜਾਰੀ ਕੀਤਾ । ਉਹਨਾਂ ਨੇ ਇਸ ਕਾਰਜ ਲਈ ਵਿਭਾਗ ਦੇ ਅਧਿਆਪਕਾ, ਨਿਰਦੇਸ਼ਕ ਅਤੇ ਹੋਰ ਅਮਲੇ ਦੀ ਸ਼ਲਾਘਾ ਕੀਤੀ । ਇਸ ਮੌਕੇ ਵਿਭਾਗ ਦੇ ਹੋਰ ਅਧਿਆਪਕ ਅਤੇ ਕਰਮਚਾਰੀ ਮੌਜੂਦ ਸਨ ।