ਲੁਧਿਆਣਾ : ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬ, ਚੰਡੀਗੜ੍ਹ ਦੇ ਆਦੇਸ਼ਾਂ ਅਨੁਸਾਰ ਸ਼੍ਰੀ ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਲੁਧਿਆਣਾ ਦੀ ਯੋਗ ਅਗਵਾਈ ਹੇਠ ਐੱਸ.ਸੀ.ਡੀ. ਕਾਲਜ, ਲੁਧਿਆਣਾ ਵਿਖੇ ਜ਼ਿਲ੍ਹਾ ਲੁਧਿਆਣਾ ਦੀਆਂ ਰੈੱਡ ਰਿਬਨ ਕਲੱਬਾਂ ਦਾ ਜ਼ਿਲ੍ਹਾ ਪੱਧਰੀ ਕੁਇਜ਼ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹੇ ਦੀਆਂ 30 ਰੈੱਡ ਰਿਬਨ ਕਲੱਬਾਂ ਵੱਲੋਂ ਭਾਗ ਲਿਆ ਗਿਆ।
ਇਸ ਕੁਇਜ਼ ਕੰਪੀਟੀਸ਼ਨ ਵਿੱਚ ਐੱਚ.ਆਈ.ਵੀ./ ਏਡਜ਼ ਅਵੇਅਰਨੈੱਸ, ਬਲੱਡ ਡੋਨੇਸ਼ਨ, ਡਰੱਗ ਅਵੇਅਰਨੈੱਸ ਅਤੇ ਟੀ.ਬੀ. ਵਿਸ਼ਿਆਂ ਉੱਤੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਪ੍ਰਦੀਪ ਸਿੰਘ ਵਾਲੀਆ ਵੱਲੋਂ ਕੀਤੀ ਗਈ। ਉਹਨਾਂ ਵਿਭਾਗ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਦੇ ਹਨ।
ਕੁਇਜ਼ ਮੁਕਾਬਲੇ ਵਿੱਚ ਅੰਜਲੀ ਕੁਮਾਰੀ ਤੇ ਕਨਿਜ ਸਾਹਿਰ ਬਾਨੋ, ਐੱਸ. ਸੀ. ਡੀ. ਕਾਲਜ ਲੁਧਿਆਣਾ ਨੇ ਪਹਿਲਾ ਸਥਾਨ, ਵੈਦੇਹੀ ਧੀਰ ਤੇ ਮੁਸਕਾਨ, ਖਾਲਸਾ ਕਾਲਜ ਫਾਰ ਵੁਮੈਨ, ਲੁਧਿਆਣਾ ਨੇ ਦੂਸਰਾ ਸਥਾਨ ਅਤੇ ਤਾਨਵੀ ਸ਼ਰਮਾ ਤੇ ਪਲਕ, ਜੀ. ਐੱਚ. ਜੀ. ਖਾਲਸਾ ਕਾਲਜ ਆਫ ਐਜ਼ੂਕੇਸ਼ਨ, ਗੁਰੂਸਰ ਸਧਾਰ, ਲੁਧਿਆਣਾ ਨੇ ਤੀਸਰਾ ਸਥਾਨ ਹਾਸਲ ਕੀਤਾ।
ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 4000/- ਰੁਪਏ, ਦੂਸਰੇ ਸਥਾਨ ਤੇ ਆਉਣ ਵਾਲੀ ਟੀਮ ਨੂੰ 3000/- ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 2000/- ਰੁਪਏ ਇਨਾਮ ਵਜੋਂ ਦਿੱਤੇ ਗਏ।
ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ ਨਾਲ ਕੁਇਜ਼ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਵਿੱਚ ਐੱਸ.ਸੀ.ਡੀ. ਕਾਲਜ, ਲੁਧਿਆਣਾ ਦੇ ਰੈੱਡ ਰਿਬਨ ਕਲੱਬ ਦੇ ਪ੍ਰੋਗਰਾਮ ਕੋਆਰਡੀਨੇਟਰਾ ਗੀਤਾਂਜਲੀ, ਨੀਲਮ ਅਤੇ ਈਰਾਦੀਪ ਕੌਰ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ ਵੱਖ ਵੱਖ ਰੈੱਡ ਰਿਬਨ ਕਲੱਬਾਂ ਦੇ ਪ੍ਰੋਗਰਾਮ ਕੋਆਰਡੀਨੇਟਰ ਵੀ ਹਾਜ਼ਰ ਸਨ।