ਲੁਧਿਆਣਾ : ਬੁੱਢਾ ਨਾਲੇ ਦੀ ਮੁੜ ਸੁਰਜੀਤੀ ਲਈ ਚੱਲ ਰਹੇ 650 ਕਰੋੜ ਦੇ ਪ੍ਰਾਜੈਕਟ ਨਾਲ ਟਾਸਕ ਫੋਰਸ ਕਮੇਟੀ ਦੇ ਚੇਅਰਮੈਨ ਸਤਿਗੁਰੂ ਉਦੈ ਸਿੰਘ ਇਸ ਪ੍ਰਾਜੈਕਟ ‘ਤੇ ਚੱਲ ਰਹੇ ਕੰਮ ਦਾ ਅਚਨਚੇਤ ਦੌਰਾ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਪਹਿਲਾਂ ਦਰਿਆ ਦਾ ਦੌਰਾ ਕੀਤਾ ਅਤੇ ਖਾਂਸੀ ਕਲਾਂ ਤੋਂ ਜਮਾਲਪੁਰ ਤੱਕ ਬਣ ਰਹੇ ਐੱਸਟੀਪੀ ਪਲਾਂਟ ਦੇ ਕੰਮ ਦੀ ਜਾਂਚ ਵੀ ਕੀਤੀ।
ਇਸ ਤੋਂ ਇਲਾਵਾ ਉਨ੍ਹਾਂ ਦਰਿਆ ਦੇ ਕੰਢੇ 2 ਤੋਂ 3 ਕਿਲੋਮੀਟਰ ਪੈਦਲ ਚੱਲ ਕੇ ਇਸ ਦੀ ਸਥਿਤੀ ਨੂੰ ਵੇਖਿਆ। ਜਿੱਥੇ ਸਤਿਗੁਰੂ ਜੀ ਨੇ ਦਰਿਆ ਦੀ ਵਿਗੜਦੀ ਹਾਲਤ ਨੂੰ ਦੇਖਦਿਆਂ 650 ਕਰੋੜ ਰੁਪਏ ਦੇ ਇਸ ਪ੍ਰਾਜੈਕਟ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਜਦੋਂ ਉਨ੍ਹਾਂ ਮੌਕੇ ਦਾ ਦੌਰਾ ਕੀਤਾ ਤਾਂ ਉਨ੍ਹਾਂ ਦੇਖਿਆ ਕਿ ਜਿਸ ਤਰ੍ਹਾਂ ਬੁੱਢਾ ਦਰਿਆ ‘ਚ ਜਨਤਕ ਤੌਰ ‘ਤੇ ਗਊਆਂ ਦਾ ਗੋਹਾ, ਕਚਰਾ ਅਤੇ ਜ਼ਹਿਰੀਲਾ ਪਾਣੀ ਦਰਿਆ ‘ਚ ਸੁੱਟਿਆ ਜਾ ਰਿਹਾ ਹੈ, ਉਸ ਨੂੰ ਰੋਕਣ ‘ਚ ਸਰਕਾਰਾਂ ਵਾਰ-ਵਾਰ ਅਸਫਲ ਰਹੀਆਂ ਹਨ।
ਇਸ ਦੌਰਾਨ ਉਨ੍ਹਾਂ ਤਾਜਪੁਰ ਰੋਡ ‘ਤੇ ਰੰਗਾਈ ਉਦਯੋਗ ਦੇ 50 ਐੱਮ ਐੱਲ ਡੀ ਸੀ ਈ ਟੀ ਪੀ ਪਲਾਂਟ ਦਾ ਵੀ ਦੌਰਾ ਕੀਤਾ, ਜੋ ਲਗਭਗ ਸ਼ੁਰੂ ਹੋ ਚੁੱਕਾ ਹੈ। ਉਥੇ ਉਹ ਸੀ ਈ ਟੀ ਪੀ ਦੇ ਡਾਇਰੈਕਟਰਾਂ ਨੂੰ ਵੀ ਮਿਲੇ। ਇਸ ਦੌਰਾਨ ਬੋਬੀ ਜਿੰਦਲ ਨਾਲ ਮੁਲਾਕਾਤ ਕਰਨ ਸਮੇਂ ਉਨ੍ਹਾਂ ਪਲਾਂਟ ਵੱਲੋਂ ਟਰੀਟ ਕੀਤੇ ਜਾ ਰਹੇ ਪਾਣੀ ਦਾ ਸੈਂਪਲ ਵੀ ਦੇਖਿਆ। ਇਸ ਦੌਰਾਨ ਉਨ੍ਹਾਂ ਨੇ ਤਾਜਪੁਰ ਡਾਇੰਗ ਐਸੋਸੀਏਸ਼ਨ ਦੇ ਪਲਾਂਟ ‘ਚੋਂ ਨਿਕਲ ਰਹੇ ਪਾਣੀ ਦੇ ਸੈਂਪਲ ਨੂੰ ਘਾਟੀ ‘ਚ ਡਿੱਗਣ ਵਾਲੀ ਥਾਂ ‘ਤੇ ਚੈੱਕ ਕੀਤਾ, ਜਿੱਥੇ ਪਾਣੀ ਸਾਫ-ਸੁਥਰਾ ਡਿੱਗਦਾ ਪਾਇਆ ਗਿਆ।