ਲੁਧਿਆਣਾ : ਕੈਨੇਡਾ ਵਿੱਚ ਗਦਰੀ ਬਾਬਿਆਂ ਦੀ ਮਸ਼ਾਲ ਜਗਾ ਕੇ ਗਲੋਬਲ ਚੇਤਨਾ ਦੂਤ ਸਾਹਿਬ ਥਿੰਦ ਦਾ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਬੀਤੀ ਸ਼ਾਮ ਸਨਮਾਨ ਕੀਤਾ ਗਿਆ। ਸਾਹਿਬ ਥਿੰਦ ਦੀਆਂ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਗਦਰੀ ਸੂਰਬੀਰਾਂ ਦੇ ਨਾਮ ਤੇ ਪਿਛਲੇ ਤਿੰਨ ਦਹਾਕਿਆਂ ਤੋਂ ਮੇਲਾ ਲਾਉਣ ਤੋਂ ਇਲਾਵਾ ਲੋਕ ਚੇਤਨਾ ਲਹਿਰ ਉਸਾਰਨ ਬਾਰੇ ਅਕਾਦਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ।
ਇਸ ਮੌਕੇ ਧੰਨਵਾਦੀ ਸ਼ਬਦ ਬੋਲਦਿਆਂ ਸਾਹਿਬ ਥਿੰਦ ਨੇ ਕਿਹਾ ਕਿ ਮੇਰੀ ਪ੍ਰੇਰਨਾ ਦੇ ਸਰੋਤ ਸਃ ਜਗਦੇਵ ਸਿੰਘ ਜੱਸੋਵਾਲ ਸਨ ਜਿੰਨ੍ਹਾਂ ਵੱਲੋਂ ਮਿਲੀ ਹਲਾਸ਼ੇਰੀ ਸਦਕਾ ਅਸੀਂ ਕੈਨੇਡਾ ਚ ਗਦਰੀ ਸੂਰਮਿਆ ਦੀ ਮਸ਼ਾਲ ਮਘਦੀ ਰੱਖ ਸਕੇ ਹਾਂ। ਸਾਡੀ ਸੰਸਥਾ ਨੂੰ ਚੁੱਪ ਕਰਵਾਉਣ ਲਈ ਹਕੂਮਤ ਵੱਲੋਂ ਕਈ ਧਮਕੀਆਂ ਤੇ ਲਾਲਚ ਵੀ ਦਿੱਤੇ ਗਏ ਪਰ ਅਸੀਂ ਆਪਣਾ ਨਿਸ਼ਚਾ ਪੂਰਾ ਕੀਤਾ। ਉਨ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਵੀ ਧੰਨਵਾਦ ਕੀਤਾ ਜਿੰਨ੍ਹਾਂ ਨੇ ਗੋਰੇਸ਼ਾਹੀ ਦੇ ਦਬਾਅ ਹੇਠ 1914-15 ਦੌਰਾਨ ਕੀਤੀ ਭੁੱਲ ਵਿੱਚ ਸੁਧਾਰ ਕੀਤਾ।