ਲੁਧਿਆਣਾ : ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਅਣਸੁਖਾਵੀਂ ਘਟਨਾਂ ਦੀ ਰੋਕਥਾਮ ਲਈ ਜ਼ਿਲ੍ਹੇ ਵਿੱਚ ਬੁੱਢਾ ਦਰਿਆ ਅਤੇ ਸਤਲੁਜ ਦਰਿਆ ਦੇ ਸਾਰੇ ਪੁਲਾਂ ਦੀ ਸੁਰੱਖਿਆ ਦਾ ਮੁਲਾਂਕਣ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਵਲੋਂ ਸਮਰਾਲਾ, ਮਾਛੀਵਾੜਾ ਅਤੇ ਕੂੰਮ ਕਲਾਂ ਖੇਤਰ ਦੇ ਕਈ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਮੁਲਾਂਕਣ ਤੋਂ ਬਾਅਦ ਜੇਕਰ ਕੋਈ ਪੁਲ/ਪੁਲੀ ਅਸੁਰੱਖਿਅਤ ਜਾਪਦੇ ਹਨ ਤਾਂ ਉਨ੍ਹਾਂ ਨੂੰ ਕਿਸੇ ਵੀ ਮੰਦਭਾਗੀ ਘਟਨਾਂ ਤੋਂ ਬਚਣ ਲਈ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੁਲਾਂ ਦੇ ਨਾਲ-ਨਾਲ ਸੰਭਾਵਿਤ ਹੜ੍ਹ ਪ੍ਰਭਾਵੀ ਖੇਤਰਾਂ ਵਿੱਚ ਵੀ ਜਾਣ ਤੋਂ ਗੁਰੇਜ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬੁੱਢਾ ਦਰਿਆ ਵਿੱਚ ਪਾਣੀ ਦਾ ਪੱਧਰ ਹੋਰ ਵਧ ਸਕਦਾ ਹੈ ਕਿਉਂਕਿ ਖੇਤਾਂ ਵਿੱਚੋਂ ਹੜ੍ਹ ਦਾ ਪਾਣੀ ਹੁਣ ਬੁੱਢਾ ਦਰਿਆ ਵਿੱਚ ਜਾਣਾ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਬੁੱਢਾ ਦਰਿਆ ਨੇੜੇ ਪੈਂਦੇ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਜਾਵੇਗਾ। ਮਲਿਕ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਭਰ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬਾਅਦ ਪੈਦਾ ਹੋਈ ਸਥਿਤੀ ‘ਤੇ ਬਾਕਾਇਦਾ ਨਜ਼ਰ ਰੱਖ ਕੇ ਉਨ੍ਹਾਂ ਦੀ ਸੇਵਾ ਕਰਨ ਲਈ 24 ਘੰਟੇ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਇੱਕ ਕੁਦਰਤੀ ਆਫ਼ਤ ਹੈ ਅਤੇ ਲੋਕਾਂ ਦੇ ਪੂਰਨ ਸਹਿਯੋਗ ਨਾਲ ਜਲਦ ਇਸ ‘ਤੇ ਕਾਬੂ ਪਾ ਲਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਚਿੰਤਾ ਨਾ ਕਰਨ ਕਿਉਂਕਿ ਪ੍ਰਸ਼ਾਸਨ ਸੁਖਾਵੀਂ ਸਥਿਤੀ ਕਾਇਮ ਕਰਨ ਲਈ ਸੁਹਿਰਦ ਯਤਨ ਕਰ ਰਿਹਾ ਹੈ। ਪਿੰਡ ਕੀਮਾ ਭੈਣੀ ਵਿਖੇ ਆਪਣੇ ਦੌਰੇ ਮੌਕੇ ਡਿਪਟੀ ਕਮਿਸ਼ਨਰ ਨੇ ਮਨਰੇਗਾ ਮਜ਼ਦੂਰਾਂ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ, ਜੋ ਕਿ ਹੜ੍ਹਾਂ ਤੋਂ ਬਚਾਅ ਲਈ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਵਲੋਂ ਉਨ੍ਹਾਂ ਖੇਤਰਾਂ ਦੇ ਬਿਜਲੀ ਸਬ ਸਟੇਸ਼ਨਾਂ ਦਾ ਵੀ ਦੌਰਾ ਕੀਤਾ ਗਿਆ ਜਿੱਥੇ ਪਾਣੀ ਦੇ ਓਵਰਫਲੋ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਅਧਿਕਾਰੀਆਂ ਨੂੰ ਹਰ ਹੀਲੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਲਾਕਾ ਨਿਵਾਸੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਵਿੱਚ ਅੱਜ ਸ਼ਾਮ ਤੱਕ 50,000 ਤੋਂ ਵੱਧ ਰੇਤ ਦੀਆਂ ਬੋਰੀਆਂ ਉਪਲਬਧ ਹੋ ਜਾਣਗੀਆਂ ।
ਹੜ੍ਹਾਂ ਕਾਰਨ ਲੁਧਿਆਣਾ ਅਤੇ ਮੋਗਾ ਜ਼ਿਲ੍ਹਿਆਂ ਦੇ ਪ੍ਰਭਾਵਿਤ ਵਸਨੀਕਾਂ ਦੀ ਫੌਰੀ ਲੋੜ ਨੂੰ ਪੂਰਾ ਕਰਨ ਲਈ ਵੇਰਕਾ ਮਿਲਕ ਪਲਾਂਟ ਲੁਧਿਆਣਾ ਨੂੰ ਲੋੜ ਅਨੁਸਾਰ ਰੋਜ਼ਾਨਾ ਖਾਣੇ ਦੇ ਪੈਕੇਟ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅੱਜ 900 ਦੇ ਕਰੀਬ ਫੂਡ ਪੈਕੇਟ ਰਵਾਨਾ ਕੀਤੇ ਗਏ, ਜਿਨ੍ਹਾਂ ਵਿੱਚ ਲੁਧਿਆਣਾ ਪੱਛਮੀ ਲਈ 600 ਅਤੇ ਸਮਰਾਲਾ ਸਬ ਡਵੀਜ਼ਨ ਲਈ 300 ਸ਼ਾਮਲ ਹਨ।ਛੁੱਟੀਆਂ
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਦੇ ਕੀਤੇ ਗਏ ਐਲਾਨ ਦੇ ਮੱਦੇਨਜ਼ਰ ਸਥਾਨਕ ਵੇਰਕਾ ਪਲਾਂਟ ਵਿੱਚ ਭੋਜਨ ਦੇ ਪੈਕੇਟ ਤਿਆਰ ਕਰਕੇ ਲੁਧਿਆਣਾ ਅਤੇ ਮੋਗਾ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਹਿੱਸਿਆਂ ਵਿੱਚ ਵੰਡੇ ਜਾ ਰਹੇ ਹਨ। ਮਲਿਕ ਨੇ ਦੱਸਿਆ ਕਿ ਹਰੇਕ ਪੈਕੇਟ ਵਿੱਚ ਦੋ ਪੈਕਟ ਬਿਸਕੁਟ ਦੇ ਨਾਲ-ਨਾਲ ਪਾਣੀ ਦੀਆਂ ਦੋ ਬੋਤਲਾਂ, ਸੁੱਕੇ ਦੁੱਧ ਦੇ ਦੋ ਪੈਕੇਟ, ਬਰੈੱਡ, ਪਿੰਨੀ, ਚੱਮਚ, ਕੱਪ, ਮੋਮਬੱਤੀਆਂ ਅਤੇ ਮੈਚਸਟਿਕ ਹੋਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਿਸ਼ਾਲ ਕਾਰਜ਼ ਨੂੰ ਨੇਪਰੇ ਚਾੜ੍ਹਨ ਲਈ ਲੋੜੀਂਦੀ ਮੈਨਪਾਵਰ ਤਾਇਨਾਤ ਕੀਤੀ ਗਈ ਹੈ ਅਤੇ ਸੀਨੀਅਰ ਅਧਿਕਾਰੀ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਦੀ ਵੱਧ ਤੋਂ ਵੱਧ ਮਦਦ ਨੂੰ ਯਕੀਨੀ ਬਣਾਏਗਾ।