ਖੰਨਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ। ਮੁੱਖ ਮੰਤਰੀ ਨੇ ਇੱਕ ਕਿਸਾਨ ਦੀ ਫਸਲ ਦੀ ਢੇਰੀ ਦੀ ਬੋਲੀ ਵੀ ਲਗਵਾਈ। ਉਹਨਾਂ ਕਿਹਾ ਕਿ ਬਾਹਰੀ ਸੂਬਿਆਂ ਤੋਂ ਕਣਕ ਪੰਜਾਬ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬ ਦੀਆਂ ਮੰਡੀਆਂ ਚ ਆ ਕੇ ਜੇਕਰ ਕੋਈ ਫ਼ਸਲ ਖਰੀਦਣਾ ਚਾਹੁੰਦਾ ਹੈ ਤਾਂ ਟੈਕਸ ਅਦਾ ਕਰਕੇ ਐਮ ਐਸ ਪੀ ਤੋਂ ਉਪਰ ਖਰੀਦ ਸਕਦਾ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੀਆਂ 2262 ਮੰਡੀਆਂ ਹਨ। ਇਹਨਾਂ ਚੋਂ 1862 ਮੰਡੀਆਂ ਪੱਕੀਆਂ ਹਨ। ਚਾਰ ਸੌ ਮੰਡੀਆਂ ਕੱਚੀਆਂ ਹਨ। ਸਾਰੀਆਂ ਮੰਡੀਆਂ ‘ਚ ਖਰੀਦ ਚੱਲ ਰਹੀ ਹੈ। ਕਿਸਾਨ ਦੀ ਫ਼ਸਲ ਐਮਐਸਪੀ ਤੋਂ ਉਪਰ 5 ਰੁਪਏ ਵੱਧ ਵਿਕ ਰਹੀ ਹੈ। ਯੂਕ੍ਰੇਨ ‘ਚ ਮੰਗ ਵਧਣ ਕਰਕੇ ਨਿੱਜੀ ਖਰੀਦ ਜਿਆਦਾ ਹੋਵੇਗੀ ਜੋਕਿ ਵਧੀਆ ਗੱਲ ਹੈ। ਕਿਸਾਨ ਨੂੰ ਨਿੱਜੀ ਖਰੀਦ ਦਾ ਭੁਗਤਾਨ ਵੀ 24 ਤੋਂ 48 ਘੰਟੇ ਚ ਹੋਵੇਗਾ।
ਉਨ੍ਹਾਂ ਕਿਹਾ ਸਾਰਾ ਰਿਕਾਰਡ ਆਨਲਾਈਨ ਹੋਵੇਗਾ। ਪਿਛਲੀਆਂ ਸਰਕਾਰਾਂ ਚ ਮੰਡੀਆਂ ਚ ਕਮਿਸ਼ਨਖੋਰੀ ਉਪਰ ਮੁੱਖ ਮੰਤਰੀ ਬੋਲੇ ਕਿ ਪੁਰਾਣਾ ਜਮਾਨਾ ਬੀਤ ਗਿਆ ਹੈ। ਨਵਾਂ ਜ਼ਮਾਨਾ ਆ ਗਿਆ ਹੈ। ਇਸ ਮੌਕੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ, ਜਗਜੀਵਨ ਸਿੰਘ ਖੀਰਨਿਆ, ਹਰਬੰਸ ਸਿੰਘ ਰੋਸ਼ਾ, ਯਾਦਵਿੰਦਰ ਸਿੰਘ ਲਿਬੜਾ, ਜਗਤਾਰ ਸਿੰਘ ਰਤਨਹੇੜੀ, ਗੁਰਚਰਨ ਸਿੰਘ ਢੀਂਡਸਾ, ਮਲਕੀਤ ਸਿੰਘ ਮੀਤਾ ਆਦਿ ਹਾਜ਼ਰ ਸਨ।