ਲੁਧਿਆਣਾ : ਪੰਜਾਬ ਕਾਲੋਨਾਈਜ਼ਰ ਐਂਡ ਪ੍ਰਾਪਰਟੀ ਐਸੋਸੀਏਸ਼ਨ ਦਾ ਇਕ ਵਫਦ ਸੂਬੇ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਮਿਲਿਆ ਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ ਨੇ ਦੱਸਿਆ ਕਿ ਐਨ. ਓ. ਸੀ. ਨਾ ਮਿਲਣ ਕਾਰਨ ਉਨ੍ਹਾਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਾਰੋਬਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਉਨ੍ਹਾਂ ਮੰਤਰੀ ਤੋਂ ਇਹ ਵੀ ਮੰਗ ਕੀਤੀ ਕਿ ਤਹਿਸੀਲ ਪੱਧਰ ‘ਤੇ ਐਨ. ਓ. ਸੀ. ਜਾਰੀ ਕਰਨ ਦੇ ਪ੍ਰਬੰਧ ਕੀਤੇ ਜਾਣ ਅਤੇ ਐਨ. ਓ. ਸੀ. ਸੰਬੰਧੀ ਸਥਿਤੀ ਸਪੱਸ਼ਟ ਕੀਤੀ ਜਾਵੇ ਕਿਉਂਕਿ ਰਜਿਸਟਰੀ ਮੌਕੇ ਹਰੇਕ ਪਲਾਟ ਦੀ ਐਨ. ਓ. ਸੀ. ਮੰਗੀ ਜਾਂਦੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ 2018 ‘ਚ ਕਾਲੋਨੀਆਂ ਸੰਬੰਧੀ ਪਾਸ ਕੀਤਾ ਗਿਆ ਕਾਨੂੰਨ ਲਾਗੂ ਕੀਤਾ ਜਾਵੇ। ਜਥੇਬੰਦੀ ਵਲੋਂ ਆਪਣੀਆਂ ਮੰਗਾਂ ਸੰਬੰਧੀ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਇਕ ਪੱਤਰ ਵੀ ਦਿੱਤਾ ਗਿਆ।
ਮਾਲ ਮੰਤਰੀ ਨੇ ਪੰਜਾਬ ਕਲੋਨਾਈਜ਼ਰ ਤੇ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਵਫਦ ਦੀ ਗੱਲ ਨੂੰ ਪੂਰੇ ਧਿਆਨ ਨਾਲ ਸੁਣਿਆ ਤੇ ਭਰੋਸਾ ਦਿੱਤਾ ਕਿ ਜਲਦੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ। ਇਸ ਮੌਕੇ ਦੀਪਕ ਦਿਆਲ, ਮਨੋਜ ਅਗਰਵਾਲ, ਨਿਸ਼ਾਂਤ ਗੁਪਤਾ ਤੇ ਹੋਰ ਵੀ ਮੌਜੂਦ ਸਨ।