ਲੁਧਿਆਣਾ ‘ਚ ਸਖ਼ਤੀ ਦੇ ਬਾਵਜੂਦ ਵੀ ਸ਼ਹਿਰ ਵਿਚ ਕਈ ਥਾਵਾਂ ਤੇ ਰੈਸਟੋਰੈਂਟਾਂ ਦੇ ਅੰਦਰ ਹੁੱਕਾ ਬਾਰ ਚਲਾਏ ਜਾ ਰਹੇ ਹਨ ।ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਅਜਿਹੇ ਹੀ ਇੱਕ ਰੈਸਟੋਰੈਂਟ ਵਿੱਚ ਛਾਪਾਮਾਰੀ ਕਰਕੇ ਰੈਸਟੋਰੈਂਟ ਦੇ ਸੰਚਾਲਕ ਮਾਡਲ ਹਾਊਸ ਦੇ ਵਾਸੀ ਮਨਜੋਤ ਸਾਹਿਬ ਸਿੰਘ ਅਤੇ ਕੰਵਰਦੀਪ ਸਿੰਘ ਨੂੰ ਹਿਰਾਸਤ ਵਿੱਚ ਲਿਆ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ ਐੱਸ ਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਮਲਹਾਰ ਰੋਡ ਤੇ ਮੌਜੂਦ ਸੀ, ਇਸੇ ਦੌਰਾਨ ਮੁਖਬਰ ਖਾਸ ਕੋਲੋਂ ਇਤਲਾਹ ਮਿਲੀ ਕਿ ਕਿਪਸ ਮਾਰਕੀਟ ਵਿਚ ਪੈਂਦੇ ਅਨਪਲੱਗ ਰੈਸਟੋਰੈਂਟ ਵਿੱਚ ਹੁੱਕਾ ਬਾਰ ਚਲਾਇਆ ਜਾ ਰਿਹਾ ਹੈ ।

ਉੱਥੇ ਹੀ ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਰੈਸਟੋਰੈਂਟ ਦੇ ਮਾਲਕ ਲੋਕਾਂ ਨੂੰ ਸ਼ਰੇਆਮ ਹੁੱਕਾ ਸਰਵ ਕਰ ਰਹੇ ਹਨ । ਸੂਚਨਾ ਤੋਂ ਬਾਅਦ ਪੁਲਿਸ ਨੇ ਛਾਪਾਮਾਰੀ ਕਰ ਕੇ ਰੈਸਟੋਰੈਂਟ ਦੇ ਮਾਲਕ ਮਨਜੋਤ ਸਾਹਿਬ ਸਿੰਘ ਅਤੇ ਕੰਵਰਦੀਪ ਸਿੰਘ ਨੂੰ ਹਿਰਾਸਤ ਵਿੱਚ ਲਿਆ । ਰੈਸਟੋਰੈਂਟ ਚੋਂ 5 ਹੁੱਕੇ ਅਤੇ ਫਲੇਵਰ ਵੀ ਬਰਾਮਦ ਕੀਤੀ । ਜਾਂਚ ਅਧਿਕਾਰੀ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਹੈ ।
