ਲੁਧਿਆਣਾ : ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ‘ਭਾਰਤ ਜੋੜੋ ਯਾਤਰਾ’ ਦੇ ਵੀਰਵਾਰ ਨੂੰ ਲੁਧਿਆਣਾ ਪੁੱਜਣ ਤੋਂ ਬਾਅਦ ਪਾਈ ਗਈ ਇਕ ਦਿਨ ਦੀ ਬ੍ਰੇਕ ਨੂੰ ਚਾਹੇ ਲੋਹੜੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਮਿਲੀ ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਆਪਣੀ ਭੈਣ ਪ੍ਰਿਯੰਕਾ ਗਾਂਧੀ ਦਾ ਜਨਮ ਦਿਨ ਮਨਾਉਣ ਲਈ ‘ਭਾਰਤ ਜੋੜੋ ਯਾਤਰਾ’ ਵਿਚਾਲੇ ਛੱਡ ਕੇ ਗਏ ਹਨ।
ਰਾਹੁਲ ਗਾਂਧੀ ਮੁਤਾਬਕ ਉਹ ‘ਭਾਰਤ ਜੋੜੋ ਯਾਤਰਾ’ ਦੌਰਾਨ ਰੋਜ਼ਾਨਾ 25 ਕਿਲੋਮੀਟਰ ਦਾ ਰਸਤਾ ਤੈਅ ਕਰਦੇ ਹਨ ਪਰ ਪੰਜਾਬ ’ਚ ਯਾਤਰਾ ਦੇ ਦੂਜੇ ਦਿਨ ਇਹ ਮਾਹੌਲ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ ਵੀਰਵਾਰ ਨੂੰ ਸਵੇਰੇ ਪਾਇਲ ਤੋਂ ਸ਼ੁਰੂ ਹੋਈ ਯਾਤਰਾ ਸ਼ਾਮ ਨੂੰ ਚਲਾਉਣ ਦੀ ਬਜਾਏ ਦੁਪਹਿਰ ਸਮੇਂ ਸਮਰਾਲਾ ਚੌਕ ਵਿਚ ਹੀ ਰੈਲੀ ਦੌਰਾਨ ਖ਼ਤਮ ਕਰ ਦਿੱਤੀ ਗਈ।
ਪੰਜਾਬ ਦੇ ਲੋਕਾਂ ’ਚ ਲੋਹੜੀ ਦੇ ਤਿਉਹਾਰ ਦੀ ਕਾਫ਼ੀ ਮਾਨਤਾ ਹੋਣ ਦੀ ਗੱਲ ਕਹੀ ਜਾ ਰਹੀ ਹੈ ਪਰ ਜੇਕਰ ਮਾਨਤਾ ਦੀ ਗੱਲ ਕਰੀਏ ਤਾਂ ਪੰਜਾਬ ’ਚ ਮੱਘਰ ਦੀ ਸੰਗਰਾਂਦ ਦਾ ਵੀ ਓਨਾ ਹੀ ਮਹੱਤਵ ਹੈ, ਜਿਸ ਦਿਨ ਉਹ ਯਾਤਰਾ ਜਾਰੀ ਰੱਖਣਗੇ, ਜਦਕਿ ਅਸਲੀਅਤ ਇਹ ਹੈ ਕਿ ਰਾਹੁਲ ਗਾਂਧੀ ਆਪਣੀ ਭੈਣ ਪ੍ਰਿਯੰਕਾ ਗਾਂਧੀ ਦਾ ਜਨਮ ਦਿਨ ਮਨਾਉਣ ਲਈ ‘ਭਾਰਤ ਜੋੜੋ ਯਾਤਰਾ’ ਨੂੰ ਵਿਚੇ ਛੱਡ ਕੇ ਗਏ ਹਨ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਸਵੇਰ ਜਲਦੀ ਆ ਕੇ ਯਾਤਰਾ ’ਚ ਸ਼ਾਮਲ ਨਹੀਂ ਹੋ ਸਕਦੇ, ਜਿਸ ਦੇ ਮੱਦੇਨਜ਼ਰ ਯਾਤਰਾ ਦੇ ਅਗਲੇ ਪੜਾਅ ਨੂੰ ਸ਼ਨੀਵਾਰ ਲਾਡੋਵਾਲ ਤੋਂ ਸ਼ੁਰੂ ਕੀਤਾ ਜਾਵੇਗਾ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ‘ਭਾਰਤ ਜੋੜੋ ਯਾਤਰਾ’ ਦੌਰਾਨ ਪੂਰਾ ਸਮਾਂ ਰਾਹੁਲ ਗਾਂਧੀ ਦੇ ਨਾਲ ਨਜ਼ਰ ਆ ਰਹੇ ਹਨ ਪਰ ਵੀਰਵਾਰ ਨੂੰ ਲੁਧਿਆਣਾ ’ਚ ਰੱਖੀ ਰੈਲੀ ਦੀ ਸਟੇਜ ’ਤੇ ਨਾ ਜਾਣ ਸਬੰਧੀ ਚਰਚਾ ਛਿੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਾਜਵਾ ਨੇ ਨਜ਼ਰ ਨਾ ਆਉਣ ਦੀ ਗੱਲ ਖੁਦ ਰਾਹੁਲ ਗਾਂਧੀ ਵੱਲੋਂ ਕਹੀ ਗਈ, ਜਿਸ ਤੋਂ ਬਾਅਦ ਸਟੇਜ ਤੋਂ ਉਨ੍ਹਾਂ ਨੂੰ ਬੁਲਾਉਣ ਲਈ ਕਈ ਵਾਰ ਅਨਾਊਂਸਮੈਂਟ ਕੀਤੀ ਗਈ ਪਰ ਉਹ ਨਹੀਂ ਆਏ, ਜਿਸ ਨੂੰ ਕਿਸੇ ਨਾਰਾਜ਼ਗੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਰਾਹੁਲ ਗਾਂਧੀ ਵੱਲੋਂ ਪਾਇਲ ਤੋਂ ਯਾਤਰਾ ਸ਼ੁਰੂ ਕਰਨ ਤੋਂ ਬਾਅਦ ਸਾਹਨੇਵਾਲ ’ਚ ਨੈਸ਼ਨਲ ਹਾਈਵੇ ’ਤੇ ਸਥਿਤ ਇਕ ਕਿਸਾਨ ਦੇ ਘਰ ਰੁਕ ਕੇ ਚਾਹ ਪੀਣ ਦੇ ਨਾਲ ਹੀ ਸ਼ੇਰਪੁਰ ਚੌਕ ਨੇੜੇ ਓਸਵਾਲ ਦੇ ਕੰਪਲੈਕਸ ’ਚ ਉੱਦਮੀਆਂ ਨਾਲ ਮੁਲਾਕਾਤ ਕੀਤੀ ਗਈ, ਜਿੱਥੇ ਕਮਲ ਓਸਵਾਲ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਹਾਲਾਂਕਿ ਰਸਤੇ ’ਚ ਰਾਹੁਲ ਗਾਂਧੀ ਵੱਲੋਂ ਕਈ ਥਾਈਂ ਕਾਂਗਰਸੀ ਨੇਤਾਵਾਂ ਤੋਂ ਇਲਾਵਾ ਬੱਚਿਆਂ, ਬਜ਼ੁਰਗਾਂ, ਔਰਤਾਂ, ਕਿਸਾਨਾਂ, ਮਜ਼ਦੂਰਾਂ ਨਾਲ ਵੀ ਮੁਲਾਕਾਤ ਕੀਤੀ ਗਈ।