ਲੁਧਿਆਣਾ : ਪੰਜਾਬ ਸਰਕਾਰ ਦੇ ਸਿੱਖਿਆ ਦੇ ਖੇਤਰ ’ਚ ਡ੍ਰੀਮ ਪ੍ਰਾਜੈਕਟ ਸਕੂਲ ਆਫ ਐਮੀਨੈਂਸ ’ਚ ਦਾਖਲੇ ਵਧਾਉਣ ਨੂੰ ਲੈ ਕੇ ਸਿੱਖਿਆ ਵਿਭਾਗ ਨੇ ਕਮਰ ਕੱਸ ਲਈ ਹੈ। ਇਸ ਲੜੀ ਤਹਿਤ ਜਿੱਥੇ ਆਏ ਦਿਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਧਿਕਾਰੀਆਂ ਦੀ ਮੀਟਿੰਗ ਲੈ ਰਹੇ ਹਨ, ਉਹ ਹੁਣ ਜ਼ਿਲ੍ਹਾ ਪੱਧਰ ’ਤੇ ਸਕੂਲ ਪ੍ਰਮੁੱਖਾਂ ਨੂੰ ਦਾਖਲੇ ਵਧਾਉਣ ਲਈ ਮੋਟੀਵੇਟ ਕੀਤਾ ਜਾ ਰਿਹਾ ਹੈ। ਖਾਸ ਕਰ ਕੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ’ਤੇ ਫੋਕਸ ਕਰਨ ਨੂੰ ਕਿਹਾ ਗਿਆ ਹੈ।
ਖਾਲਸਾ ਸਕੂਲ ਫਾਰ ਗਰਲਜ਼ ਦੇ ਆਡੀਟੋਰੀਅਮ ’ਚ ਹੋਈ ਮੀਟਿੰਗ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਹਰਜੀਤ ਸਿੰਘ ਵਲੋਂ ਸਕੂਲ ਆਫ ਐਮੀਨੈਂਸ ਪ੍ਰਾਜੈਕਟ ਲਈ ਦਾਖਲੇ ਅਤੇ ਮਿਸ਼ਨ 100 ਫੀਸਦੀ ਲਈ ਪ੍ਰਿੰਸੀਪਲ ਅਤੇ ਸਕੂਲ ਪ੍ਰਮੁੱਖਾਂ ਨੂੰ ਪ੍ਰੇਰਿਤ ਕੀਤਾ ਗਿਆ। 2 ਸੈਸ਼ਨਾਂ ’ਚ ਡੀ. ਈ. ਓ. ਹਰਜੀਤ ਸਿੰਘ ਨੇ ਸਕੂਲ ਪ੍ਰਮੁੱਖਾਂ ਨੂੰ ਦਾਖਲਾ ਕਮੇਟੀਆਂ ਬਣਾਉਣ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ, ਪ੍ਰਬੰਧਕ ਕਮੇਟੀਆਂ, ਪਿੰਡਾਂ ਦੀਆਂ ਪੰਚਾਇਤਾਂ, ਮਾਪਿਆਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਅਗਲੇ ਸਕੂਲ ਸੈਸ਼ਨ ’ਚ ਸਰਕਾਰੀ ਸਮਾਰਟ ਸਕੂਲਾਂ ਵਿਚ ਰਿਕਾਰਡ ਤੋੜ ਦਾਖਲਾ ਯਕੀਨੀ ਬਣਾਉਣ ਅਤੇ ਦਾਖਲਾ ਪ੍ਰਾਜੈਕਟ ’ਚ ਲੁਧਿਆਣਾ ਨੂੰ ਪੰਜਾਬ ’ਚ ਸ਼ਿਖਰ ’ਤੇ ਲਿਆਉਣ ਲਈ ਪ੍ਰੇਰਿਤ ਕੀਤਾ। ਡੀ. ਈ. ਓ. ਨੇ ਨਵੇਂ ਬਣੇ ਸਕੂਲ ਆਫ ਐਮੀਨੈਂਸ ਦੇ ਪ੍ਰਿੰਸੀਪਲ ਨੂੰ ਕਿਹਾ ਕਿ ਉਹ ਨੇੜੇ ਦੇ ਸਰਕਾਰੀ ਸਕੂਲਾਂ ਦੇ ਪ੍ਰਮੁੱਖਾਂ ਨਾਲ ਸੰਪਰਕ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਪ੍ਰੇਰਿਤ ਕਰਨ ਕਿ ਛੇਵੀਂ ਕਲਾਸ ਦੇ ਵਿਦਿਆਰਥੀ ਨੇੜੇ ਦੇ ਸਰਕਾਰੀ ਸਕੂਲਾਂ ਵਿਚ ਦਾਖਲਾ ਲੈ ਸਕਣ। ਉਨ੍ਹਾਂ ਨੇ ਸਾਰੇ ਸਕੂਲ ਪ੍ਰਮੁੱਖਾਂ ਅਤੇ ਪ੍ਰਿਸੀਪਲਾਂ ਨੂੰ ਕਿਹਾ ਕਿ ਉਹ ਜ਼ਿਲ੍ਹੇ ਦੇ ਨਵੇਂ ਬਣੇ 16 ਸਕੂਲਾਂ ਲਈ ਜ਼ਿਆਦਾ ਤੋਂ ਜ਼ਿਆਦਾ ਰਜਿਸਟ੍ਰੇਸ਼ਨ ਕਰਵਾਉਣ।