ਹੁਸ਼ਿਆਰਪੁਰ : ਜ਼ਿਲੇ ‘ਚ ਨਾਕੇ ਦੌਰਾਨ ASI ਗੇਟ ‘ਤੇ ਨੌਜਵਾਨਾਂ ਵਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜਦੋਂ ਏ.ਐਸ.ਆਈ ਨੇ ਚੱਕਾ ਸਾਧੂ ਬਲਾਕ ਵਿਖੇ ਤਿੰਨ ਬਾਈਕ ਸਵਾਰ ਨੌਜਵਾਨਾਂ ਨੂੰ ਚੈਕਿੰਗ ਲਈ ਰੋਕਿਆ ਤਾਂ ਮੁਲਜ਼ਮ ਨਾਕਾ ਤੋੜ ਕੇ ਫਰਾਰ ਹੋ ਗਏ।ਜਦੋਂ ਏਐਸਆਈ ਰਾਕੇਸ਼ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਮੁਲਜ਼ਮਾਂ ਨੇ ਏਐਸਆਈ ਨਾਲ ਗਾਲੀ-ਗਲੋਚ ਕੀਤੀ ਅਤੇ ਹੱਥੋਪਾਈ ਵੀ ਕੀਤੀ। ਇਸ ਦੌਰਾਨ ਨੌਜਵਾਨਾਂ ਨੇ ਏ.ਐਸ.ਆਈ. ਦੀ ਵਰਦੀ ਵੀ ਪਾੜ ਦਿੱਤੀ ਅਤੇ ਸਰਕਾਰੀ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਹ ਕਾਮਯਾਬ ਨਾ ਹੋਏ ਤਾਂ ਤਿੰਨੋਂ ਉਥੋਂ ਭੱਜ ਗਏ।
ਸਦਰ ਥਾਣਾ ਪੁਲਸ ਨੇ ਤਿੰਨ ਨੌਜਵਾਨਾਂ ‘ਚੋਂ ਇਕ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੋ ਸਾਥੀਆਂ ਦੀ ਭਾਲ ਜਾਰੀ ਹੈ। ਨੌਜਵਾਨਾਂ ਦੇ ਮੋਟਰਸਾਈਕਲ ਦੀ ਨੰਬਰ ਪਲੇਟ (ਪੀਬੀ 07 ਬੀ ਜੇਡੀ 4409) ਸੀ। ਤਿੰਨਾਂ ਨੌਜਵਾਨਾਂ ਨੇ ਏਐਸਆਈ ਰਾਕੇਸ਼ ਕੁਮਾਰ ਨਾਲ ਬਦਸਲੂਕੀ ਕੀਤੀ ਅਤੇ ਉਸ ਦਾ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ। ਫੜੇ ਗਏ ਨੌਜਵਾਨ ਦੀ ਪਛਾਣ ਸੁਖਬੀਰ ਸਿੰਘ ਉਰਫ ਸੁੱਖਾ ਵਾਸੀ ਮਟਿਆਣਾ ਵਜੋਂ ਹੋਈ ਹੈ।ਉਸ ਦੇ ਸਾਥੀਆਂ ਦੀ ਪਛਾਣ ਅਮਰਦੀਪ ਬਾਬਾ ਅਤੇ ਜਿੰਦੀ ਵਜੋਂ ਹੋਈ ਹੈ। ਹੁਸ਼ਿਆਰਪੁਰ ਦੇ ਐਸ.ਐਸ.ਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਜੋ ਵੀ ਕਾਨੂੰਨ ਵਿਵਸਥਾ ਨੂੰ ਨੁਕਸਾਨ ਪਹੁੰਚਾਏਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲੀਸ ਨੇ ਤਿੰਨਾਂ ਨੌਜਵਾਨਾਂ ਖ਼ਿਲਾਫ਼ ਥਾਣਾ ਸਦਰ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।