ਲੁਧਿਆਣਾ : ਭਾਸ਼ਾ ਵਿਭਾਗ ਪੰਜਾਬ ਤੋਂ 2014 ਵਿੱਚ ਸ਼੍ਰੋਮਣੀ ਪੰਜਾਬੀ ਕਵੀ ਵਜੋਂ ਸਨਮਾਨਿਤ ਨਾਮਵਰ ਕਵੀ ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਦੀਆਂ ਹੁਣ ਤੱਕ ਛਪੀਆਂ 16 ਕਾਵਿ ਪੁਸਤਕਾਂ ਪੰਜਾਬ ਵਿਧਾਨ ਸਭਾ ਦੀ ਲਾਇਬ੍ਰੇਰੀ ਵਿਚ ਪੁੱਜ ਗਈਆਂ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਹ ਕਿਤਾਬਾਂ ਪੰਜਾਬੀ ਕਵੀ ਤੇ ਵਿਧਾਨ ਸਭਾ ਦੇ ਸੀਨੀਅਰ ਰੀਪੋਰਟਰ ਹਰਪ੍ਰੀਤ ਸਿੰਘ ਸਵੈਚ ਰਾਹੀਂ ਪ੍ਰਾਪਤ ਕੀਤੀਆਂ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਨ੍ਹਾਂ ਕਿਤਾਬਾਂ ਨਾਲ ਵਿਧਾਨ ਸਭਾ ਦੀ ਲਾਇਬ੍ਰੇਰੀ ਹੋਰ ਅਮੀਰ ਹੋ ਗਈ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਗਿੱਲ ਦੀਆਂ ਇਨ੍ਹਾਂ ਸਾਰੀਆਂ ਕਿਤਾਬਾਂ ਨੂੰ ਲਾਇਬ੍ਰੇਰੀ ਵਿਚ ਵੇਖਕੇ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਤੋਂ ਪੰਜਾਬ ਦੇ ਸਮੂਹ ਵਿਧਾਨਕਾਰ ਤੇ ਸਬੰਧਿਤ ਸਟਾਫ ਲਾਭ ਉਠਾ ਸਕੇਗਾ। ਪ੍ਰੋ. ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀਆਂ ਕਿਤਾਬਾਂ ਉਸ ਥਾਂ ਪੁੱਜ ਗਈਆਂ ਹਨ ਜਿੱਥੇ ਸਾਰੇ ਪੰਜਾਬ ਅਤੇ ਪੰਜਾਬੀਆਂ ਦੀ ਨੁਮਾਇੰਦਗੀ ਕਰਦੀਆਂ ਰੋਸ਼ਨ ਦਿਮਾਗਾਂ ਵਾਲੀਆਂ ਹਸਤੀਆਂ ਬੈਠਦੀਆਂ ਹਨ।