ਲੁਧਿਆਣਾ : ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਇਕੱਤਰਤਾ ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਕੋਰੋਨਾ ਦੌਰ ਵਿਚ ਅਕਾਦਮੀ ਦੇ ਵਿਛੜ ਚੁੱਕੇ ਮੈਂਬਰਾਂ ਤੇ ਮੈਂਬਰਾਂ ਦੇ ਸਕੇ ਸਬੰਧੀਆਂ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਮੀਟਿੰਗ ਦੌਰਾਨ 2021 ਵਿਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਅਕਾਦਮੀ ਦੇ ਜੀਵਨ ਮੈਂਬਰ ਜਨਾਬ ਖ਼ਾਲਿਦ ਹੁਸੈਨ ਨੂੰ ਉਨ੍ਹਾਂ ਦੀ ਕਹਾਣੀਆਂ ਦੀ ਪੁਸਤਕ ‘ਸੂਲਾਂ ਦਾ ਸਾਲਣ’ ਲਈ ਇਨਾਮ ਦੇਣ ਲਈ ਮੁਬਾਰਕਬਾਦ ਦਿੱਤੀ ਗਈ।
ਪੰਜਾਬ ਕਲਾ ਪਰਿਸ਼ਦ ਨੇ ਸਾਹਿਤਕਾਰਾਂ, ਕਲਾ ਪੇ੍ਮੀਆਂ ਨੂੰ ‘ਗੌਰਵ ਪੰਜਾਬ ਦਾ’ ਇਨਾਮ ਮਿਲਣ ’ਤੇ ਮੁਬਾਰਕਬਾਦ ਦਿੱਤੀ। 2022-2024 ਦੋ ਸਾਲਾਂ ਲਈ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਸਰਗਰਮੀਆਂ, ਸੈਮੀਨਾਰ, ਕਾਨਫ਼ੰਰਸ, ਸਾਹਿਤ ਉਤਸਵ, ਰੂ-ਬ-ਰੂ ਸਮਾਗਮਾਂ ਲਈ ਸਰਬਸੰਮਤੀ ਨਾਲ ਕਮੇਟੀਆਂ ਦਾ ਗਠਨ ਕੀਤਾ ਗਿਆ। ਕਮੇਟੀਆਂ ਦੇ ਕਨਵੀਨਰ ਥਾਪ ਕੇ ਉਨ੍ਹਾਂ ਨੂੰ ਯੋਜਨਾਬੱਧ ਤਰੀਕੇ ਨਾਲ ਪ੍ਰੋਗਰਾਮ ਕਰਨ ਲਈ ਬੇਨਤੀ ਕੀਤੀ ਗਈ।
ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਦੀ ਸਿਫ਼ਾਰਸ਼ ’ਤੇ ਪ੍ਰਬੰਧਕੀ ਬੋਰਡ ਨੇ ਸਰਬਸੰਮਤੀ ਨਾਲ 3 ਸਕੱਤਰ ਡਾ. ਗੁਰਚਰਨ ਕੌਰ ਕੋਚਰ, ਬਲਦੇਵ ਸਿੰਘ ਝੱਜ ਸਕੱਤਰ ਤੇ ਕੇ. ਸਾਧੂ ਸਿੰਘ ਨਾਮਜ਼ਦ ਕੀਤੇ ਹਨ। ਗਤੀਵਿਧੀਆਂ ਨੂੰ ਉਸਾਰੂ ਰੂਪ ਵਿਚ ਚਲਾਉਣ ਲਈ ਪ੍ਰਬੰਧਕੀ ਬੋਰਡ ਵੱਲੋਂ ਸੁਝਾਅ ਦਿੱਤੇ ਗਏ ਤੇ ਅਕਾਦਮੀ ਦੇ ਖੁੱਲ੍ਹੇ ਰੰਗਮੰਚ ’ਚ ਹਰ ਮਹੀਨੇ ਪੰਜਾਬੀ ਨਾਟਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਅਕਾਦਮੀ ਨੂੰ ਸਕੂਲਾਂ, ਕਾਲਜਾਂ ਤੇ ਪਿੰਡਾਂ ਵਿਚ ਪ੍ਰੋਗਰਾਮ ਕਰ ਕੇ ਲੋਕਾਂ ਨੂੰ ਨਾਲ ਜੋੜਨਾ ਚਾਹੀਦਾ ਹੈ।
ਅਕਾਦਮੀ ਦੇ ਪ੍ਰਧਾਨ ਡਾ. ਜੌਹਲ ਨੇ ਅਕਾਦਮੀ ਲਈ ਇਕੱਤਰਤਾ ਮੌਕੇ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਾਲ ਨਾਲ ਅਕਾਦਮੀ ਵਿਚ ਸੀਸੀਟੀਵੀ ਕੈਮਰੇ ਲਾਉਣ ਲਈ ਸਹਿਯੋਗ ਦੇਣ ਦਾ ਐਲਾਨ ਕੀਤਾ।