ਖੰਨਾ (ਲੁਧਿਆਣਾ) : ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਖੰਨਾ ਦੇ ਐੱਸ. ਐੱਸ. ਪੀ ਦਫ਼ਤਰ ਵਿਖੇ ਲੋਕ ਦਰਬਾਰ ਲਗਾਉਂਦੇ ਹੋਏ ਔਰਤਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਦੌਰਾਨ ਚੇਅਰਪਰਸਨ ਗੁਲਾਟੀ ਨੇ ਪੁਲਸ ਜ਼ਿਲ੍ਹਾ ਖੰਨਾ ਅੰਦਰ ਔਰਤਾਂ ‘ਤੇ ਹੋਣ ਵਾਲੇ ਜੁਰਮਾਂ ਦੇ ਮਾਮਲਿਆਂ ਦੀ ਸੁਣਵਾਈ ਦਾ ਨਿਰੀਖਣ ਵੀ ਕੀਤਾ ਗਿਆ।
ਉਨ੍ਹਾਂ ਨੇ ਕੁਝ ਮਾਮਲਿਆਂ ਚ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਵੀ ਕੀਤੀ। ਖੰਨਾ ਦੇ ਐੱਸ. ਐੱਸ. ਪੀ. ਦਫ਼ਤਰ ਪੁੱਜੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਖੰਨਾ ਸ਼ਹਿਰ ਚੋਂ ਉਨ੍ਹਾਂ ਕੋਲ ਬਹੁਤ ਘੱਟ ਕੇਸ ਹਨ ਜੋ ਕਿ ਪੁਲਿਸ ਦੀ ਚੰਗੀ ਕਾਰਜਸ਼ੈਲੀ ਦਾ ਸਬੂਤ ਹੈ। ਉਹ ਖੰਨਾ ਅੰਦਰ ਵੁਮੈਨ ਸੈੱਲ ਦੀ ਕਾਰਜਸ਼ੈਲੀ ਦਾ ਨਿਰੀਖਣ ਕਰਨ ਅਤੇ ਔਰਤਾਂ ਦੀਆਂ ਮੁਸ਼ਕਲਾਂ ਸੁਣਨ ਆਏ ਸੀ।
ਉਨ੍ਹਾਂ ਕਿਹਾ ਕਿ ਐੱਸ. ਐੱਸ. ਪੀ. ਜੇ. ਇਲਨਚੇਲੀਅਨ ਦੇ ਨਾਲ ਉਹ ਪਹਿਲਾਂ ਵੀ ਕੋਵਿਡ ਦੇ ਦੌਰਾਨ ਕੰਮ ਕਰ ਚੁੱਕੇ ਹਨ। ਇੱਥੇ 100 ਦੇ ਕਰੀਬ ਕੇਸ ਹਨ, ਜਿਨ੍ਹਾਂ ‘ਤੇ ਬਣਦੀ ਕਾਰਵਾਈ ਚੱਲ ਰਹੀ ਹੈ। ਇੱਥੇ ਐਫ. ਆਈ. ਆਰ. ਦੀ ਦਰ ਵੀ ਬਹੁਤ ਘੱਟ ਹੈ ਜੋ ਚੰਗਾ ਉਪਰਾਲਾ ਹੈ ਕਿ ਕੁੜੀਆਂ ਦੇ ਘਰ ਤੋੜੇ ਨਾ ਜਾਣ, ਸਗੋਂ ਵਸਾਏ ਜਾਣ। ਇੱਥੇ ਐੱਸ. ਐੱਸ. ਪੀ. ਖ਼ੁਦ ਐਫ. ਆਈ. ਆਰ. ਦੀ ਸਿਫ਼ਾਰਿਸ਼ ਕਰਨ ਤੋਂ ਪਹਿਲਾਂ ਦੋਨੋਂ ਧਿਰਾਂ ਨੂੰ ਬੁਲਾ ਕੇ ਸਮਝਾਉਣ ਦਾ ਯਤਨ ਕਰਦੇ ਹਨ।