ਲੁਧਿਆਣਾ/ ਚੰਡੀਗੜ੍ਹ : ਸ਼ੁੱਕਰਵਾਰ ਨੂੰ ਲੂ ਕਾਰਨ ਪੰਜਾਬ ਦੇ ਕਈ ਸ਼ਹਿਰਾਂ ਵਿਚ ਦਿਨ ਦਾ ਤਾਪਮਾਨ 41 ਤੋਂ 45 ਡਿਗਰੀ ਸੈਲਸੀਅਸ ਤਕ ਰਿਹਾ। ਬਠਿੰਡਾ ਵਿਚ ਵੱਧ ਤੋਂ ਵੱਧ ਤਾਪਮਾਨ 45.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਿਹੜਾ ਪੰਜਾਬ ਵਿਚ ਸਭ ਤੋਂ ਜ਼ਿਆਦਾ ਸੀ।
ਉੱਥੇ ਮੁਕਤਸਰ ਵਿਚ 44.9, ਪਟਿਆਲਾ ਵਿਚ 44.2, ਫਰੀਦਕੋਟ ਵਿਚ 43.4, ਫਿਰੋਜ਼ਪੁਰ ਵਿਚ 43.2, ਬਰਨਾਲਾ ਵਿਚ 43.5, ਅੰਮ੍ਰਿਤਸਰ ਵਿਚ 42.8, ਹੁਸ਼ਿਆਰਪੁਰ ਵਿਚ 42.4 ਤੇ ਜਲੰਧਰ ਵਿਚ 41.8 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਪਾਰਾ ਰਿਕਾਰਡ ਕੀਤਾ ਗਿਆ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਮੁਤਾਬਕ 15 ਮਈ ਤਕ ਪੰਜਾਬ ’ਚ ਲੂ ਚੱਲਦੀ ਰਹੇਗੀ। 16 ਮਈ ਤੋਂ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਇਲਾਕਿਆਂ ’ਚ ਪੱਛਮੀ ਗੜਬੜੀ ਸਰਗਰਮ ਹੋਣ ਨਾਲ ਪੰਜਾਬ ’ਚ ਬੂੰਦਾਬਾਂਦੀ ਤੇ ਤੇਜ਼ ਹਵਾ ਚੱਲਣ ਦੀ ਸੰਭਾਵਨਾ ਹੈ। ਹਵਾ ਦੀ ਰਫ਼ਤਾਰ 30 ਤੋਂ 40 ਕਿੱਲੋਮੀਟਰ ਪ੍ਰਤੀ ਘੰਟਾ ਰਹਿ ਸਕੀਦ ਹੈ, ਇਸ ਦਾ ਅਸਰ 18 ਮਈ ਤਕ ਰਹੇਗਾ।
ਮੌਸਮ ਵਿਭਾਗ ਨੇ ਪੰਜਾਬ ਵਿਚ ਜੂਨ ਦੇ ਆਖਰੀ ਹਫ਼ਤੇ ਤਕ ਮੌਨਸੂਨ ਪੰਜਾਬ ਪਹੁੰਚਣ ਦੀ ਸੰਭਾਵਨਾ ਪ੍ਰਗਟਾਈ ਹੈ। ਆਮ ਤੌਰ ’ਤੇ ਇਹ ਜੁਲਾਈ ਵਿਚ ਦਸਤਕ ਦਿੰਦਾ ਹੈ। ਤੈਅ ਸਮੇਂ ਤੋਂ ਪਹਿਲਾਂ ਮੌਨਸੂਨ ਆਉਣ ਨਾਲ ਝੋਨੇ ਦੀ ਲੁਆਈ ’ਚ ਫਾਇਦਾ ਹੋਵੇਗਾ।