ਲੁਧਿਆਣਾ : ਪੰਜਾਬ ਦੇ ਪਸ਼ੂਆਂ ਦੀ ਅਣੁਵੰਸ਼ਿਕ ਗੁਣ ਤੇ ਵੇਰਵਿਆਂ ਦੀ ਪਹਿਚਾਣ ਬਾਰੇ ਭਾਰਤੀ ਖੇਤੀ ਖੋਜ ਪਰਿਸ਼ਦ ਦੀ ਪਸ਼ੂਆਂ ਦੇ ਅਣੁਵੰਸ਼ਿਕ ਗੁਣ ਤੇ ਵੇਰਵਿਆਂ ਦੀ ਪਛਾਣ ਸੰਬੰਧੀ ਰਾਸ਼ਟਰੀ ਸੰਸਥਾ ਕਰਨਾਲ ਵਲੋਂ ਇਕ ਉਚ ਪੱਧਰੀ ਆਨਲਾਈਨ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਵਿਸ਼ਾ ‘ਪੰਜਾਬ ਦੇ ਪਸ਼ੂਆਂ ਦੇ ਅਣੁਵੰਸ਼ਿਕ ਗੁਣ ਤੇ ਵੇਰਵਿਆਂ ਦੀ ਪਛਾਣ ਦਾ ਦਸਤਾਵੇਜ਼ੀਕਰਨ’ ਸੀ।
ਮੀਟਿੰਗ ਦਾ ਉਦੇਸ਼ ਪਸ਼ੂਆਂ ਦੀ ਪੂਰਨ ਆਬਾਦੀ ਨੂੰ ਵੇਰਵਾ ਆਧਾਰਿਤ ਕਰਨ ‘ਤੇ ਜ਼ੌਰ ਦਿੱਤਾ ਗਿਆ ਤਾਂ ਜੋ ਹਰ ਪਸ਼ੂ ਦੀ ਨਸਲ ਅਤੇ ਜਾਤੀ ਵੇਰਵਾਬੱਧ ਹੋਵੇ। ਮੀਟਿੰਗ ਵਿਚ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਅਧਿਕਾਰੀਆਂ, ਪਸ਼ੂ ਪਾਲਣ ਵਿਭਾਗ, ਪੰਜਾਬ ਅਤੇ ਵੈਟਨਰੀ ਯੂਨੀਵਰਸਿਟੀ ਦੇ ਸਾਇੰਸਦਾਨਾਂ ਦੇ ਨਾਲ ਹੋਰ ਭਾਈਵਾਲਾਂ ਨੇ ਵੀ ਹਿੱਸਾ ਲਿਆ। ਮੀਟਿੰਗ ਦੀ ਪ੍ਰਧਾਨਗੀ ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਨੇ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮੁਲਕ ਦੇ ਦੋ ਪ੍ਰਤੀਸ਼ਤ ਤੋਂ ਵੀ ਘੱਟ ਪਸ਼ੂ ਹਨ ਜਦਕਿ ਅਸੀਂ ਰਾਸ਼ਟਰੀ ਪੱਧਰ ‘ਤੇ 6.7 ਪ੍ਰਤੀਸ਼ਤ ਦੁੱਧ ਉਤਪਾਦਨ ਕਰ ਰਹੇ ਹਾਂ। ਪੰਜਾਬ ਵਿਚ ਪਾਏ ਜਾਣ ਵਾਲੇ ਸਾਰੇ ਹੀ ਪਸ਼ੂ ਭਾਵੇਂ ਉਹ ਦੇਸੀ ਹਨ, ਭਾਵੇਂ ਦੋਗਲੀ ਨਸਲ ਦੇ ਜਾਂ ਮੱਝਾਂ ਅਤੇ ਬਕਰੀਆਂ ਸਾਰੇ ਹੀ ਮੁਲਕ ਦੀ ਔਸਤ ਨਾਲੋਂ ਵਧੇਰੇ ਦੁੱਧ ਦੇ ਰਹੇ ਹਨ। ਇਸ ਦਾ ਅਰਥ ਇਹ ਹੈ ਕਿ ਪੰਜਾਬ ਵਿਚ ਸਭ ਤੋਂ ਵਧੀਆ ਨਸਲ ਦੇ ਪਸ਼ੂ ਪਾਏ ਜਾਂਦੇ ਹਨ।
ਪੰਜਾਬ ਵਿਚ ਪ੍ਰਤੀ ਵਿਅਕਤੀ ਦੁੱਧ ਦੀ ਉਪਲੱਬਧਤਾ ਵੀ 1221 ਗ੍ਰਾਮ ਪ੍ਰਤੀ ਦਿਨ ਹੈ ਜੋ ਕਿ ਰਾਸ਼ਟਰੀ ਔਸਤ 406 ਗ੍ਰਾਮ ਤੋਂ ਤਿੰਨ ਗੁਣਾਂ ਵਧੇਰੇ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਾਨੂੰ ਆਪਣੇ ਪਸ਼ੂਆਂ ਦੀਆਂ ਹੋਰ ਨਸਲਾਂ ਅਤੇ ਜਾਤੀਆਂ ਨੂੰ ਵੀ ਵੇਰਵੇ ਅਧੀਨ ਲਿਆਉਣਾ ਲੋੜੀਂਦਾ ਹੈ। ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਡਾ. ਸਿਮਰਜੀਤ ਕੌਰ ਨੇ ਪੰਜਾਬ ਦੇ ਪਸ਼ੂਆਂ ਦੇ ਅਣੁਵੰਸ਼ਿਕ ਗੁਣ ਤੇ ਵੇਰਵਿਆਂ ਦੀ ਪਛਾਣ ਸੰਬੰਧੀ ਚਾਨਣਾ ਪਾਇਆ।
ਡਾ. ਐਮ.ਐਸ. ਤਾਂਤੀਆ ਕਰਨਾਲ ਨੇ ਦੱਸਿਆ ਕਿ ਸਾਨੂੰ ਛੋਟੇ ਜੁਗਾਲੀ ਕਰਨ ਵਾਲੇ ਪਸ਼ੂਆਂ ਅਤੇ ਘੋੜਾ ਜਾਤੀ ਸੰਬੰਧੀ ਹੋਰ ਖੋਜ ਕਰਨ ਦੀ ਲੋੜ ਹੈ ਤਾਂ ਜੋ ਪੰਜਾਬ ਦੇ ਸਾਰੇ ਪਸ਼ੂਆਂ ਨੂੰ ਵੇਰਵਾਬੱਧ ਕਰਕੇ ਪੰਜਾਬ ਨੂੰ ਪੂਰਨ ਵੇਰਵਾਬੱਧ ਪਸ਼ੂਆਂ ਦੀ ਸ਼੍ਰੇਣੀ ਵਾਲਾ ਸੂਬਾ ਬਣਾਇਆ ਜਾ ਸਕੇ। ਮੀਟਿੰਗ ਦੇ ਵਿਚ ਸ਼ਾਮਿਲ ਸਾਰੇ ਪ੍ਰਤੀਭਾਗੀਆਂ ਨੇ ਯੂਨੀਵਰਸਿਟੀ ਅਤੇ ਪਸ਼ੂ ਪਾਲਣ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਕਿ ਉਹ ਪੰਜਾਬ ਦੇ ਪਸ਼ੂਧਨ ਤੇ ਪੋਲਟਰੀ ਨੂੰ ਵੇਰਵਾਬੱਧ ਕਰਨ ਲਈ ਪੂਰਨ ਯਤਨਸ਼ੀਲ ਹਨ।
ਮੀਟਿੰਗ ਵਿਚ ਇਸ ਗੱਲ ‘ਤੇ ਵੀ ਸਹਿਮਤੀ ਬਣੀ ਕਿ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਪਸ਼ੂ ਪਾਲਣ ਵਿਭਾਗ, ਪੰਜਾਬ ਤੇ ਰਾਸ਼ਟਰੀ ਸੰਸਥਾ ਕਰਨਾਲ ਪਸ਼ੂਆਂ ਦੀਆਂ ਨਵੀਆਂ ਨਸਲਾਂ ਦੀ ਪਛਾਣ, ਗੁਣ ਅਤੇ ਰਜਿਸਟ੍ਰੇਸ਼ਨ ਸੰਬੰਧੀ ਸਾਂਝੇ ਸਹਿਯੋਗ ਨਾਲ ਕਾਰਜ ਕਰਨਗੇ।