ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਯੋਜਨਾ ਬੋਰਡ ਭੰਗ ਕਰ ਦਿੱਤਾ ਗਿਆ ਹੈ। ਇਸ ਦੇ ਭੰਗ ਹੁੰਦਿਆਂ ਹੀ ਇਸ ਬੋਰਡ ਦੀ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਦੀ ਪ੍ਰਧਾਨਗੀ ਵੀ ਖ਼ਤਮ ਹੋ ਗਈ ਹੈ। ਇਸ ਬੋਰਡ ‘ਚ ਚੇਅਰਪਰਸਨ ਵੱਜੋਂ ਉਨ੍ਹਾਂ ਦੀ ਨਿਯੁਕਤੀ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਸਮੇਂ ਹੋਈ ਸੀ। ਰਾਜਪਾਲ ਵੱਲੋਂ ਮਨਜ਼ੂਰੀ ਮਿਲਦੇ ਹੀ ਸੂਬਾ ਬੋਰਡ ਅਤੇ ਜ਼ਿਲ੍ਹਾ ਯੋਜਨਾ ਬੋਰਡ ਵੀ ਭੰਗ ਹੋ ਗਏ ਹਨ।
ਰਾਜਪਾਲ ਵੱਲੋਂ ਮਾਨ ਸਰਕਾਰ ਦੀ ਸਿਫ਼ਾਰਿਸ਼ ਦੀ ਮਨਜ਼ੂਰੀ ਕਰਦਿਆਂ ਕਿਹਾ ਗਿਆ ਕਿ ਸੂਬਾ ਸਰਕਾਰ ਨੇ ਐਡਵੋਕੇਟ ਜਨਰਲ ਨੂੰ ਨਵੇਂ ਬੋਰਡ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਨਵੀਂ ਇਕੋਨਾਮਿਕ ਨੀਤੀ ਅਤੇ ਯੋਜਨਾ ਬੋਰਡ ਦੇ ਚੇਅਰਮੈਨ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ, ਜਦੋਂ ਕਿ ਬੋਰਡ ਦੇ ਹੋਰ ਮੈਂਬਰਾਂ ਨੂੰ ਨਾਮਜ਼ਦ ਕਰਨ ਲਈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਭਗਵੰਤ ਮਾਨ ਨੇ ਬੋਰਡ ਦੇ ਦੋ ਉਪ ਚੇਅਰਮੈਨ ਲਗਾਉਣ ਦਾ ਫ਼ੈਸਲਾ ਕੀਤਾ ਹੈ। ਜਿਸ ’ਚ ਜ਼ਿਆਦਾਤਰ ਆਰਥਿਕ ਨੀਤੀਆਂ ਦੇ ਮਾਹਿਰਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਸਬੰਧਿਤ ਬੋਰਡ ਇਕ ਦੋ ਦਿਨ ’ਚ ਭੰਗ ਹੋ ਜਾਣਗੇ। ਰਾਜਪਾਲ ਦੀ ਮਨਜ਼ੂਰੀ ਦੇ ਬਾਅਦ ਰਾਜਿੰਦਰ ਕੌਰ ਭੱਠਲ ਨੂੰ ਹਟਾਉਣ ਦੀ ਸੂਚਨਾ ਉਨ੍ਹਾਂ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਨੂੰ ਕੈਬਨਿਟ ਰੈਂਕ ਦੀ ਸਹੂਲਤ ਅਤੇ ਸਟਾਫ਼ ਮਿਲਿਆ ਹੋਇਆ ਸੀ। ਉਨ੍ਹਾਂ ਨੂੰ ਸਰਕਾਰੀ ਬੰਗਲਾ ਇਕ ਮਹੀਨੇ ਤੱਕ ਛੱਡਣਾ ਹੋਵੇਗਾ। ਬੋਰਡ ’ਚ ਉਪ ਚੇਅਰਪਰਸਨ ਰਾਜਿੰਦਰ ਗੁਪਤਾ ਅਤੇ ਮੈਂਬਰ ਭਾਵਦੀਪ ਸਰਦਾਨਾ, ਭਗਵੰਤ ਸਿੰਘ ,ਕੇ. ਵੀ. ਐੱਸ ਸਿੱਧੂ ਅਤੇ ਬਲਦੇਵ ਸਿੰਘ ਢਿੱਲੋਂ ਦੀ ਸੇਵਾ ਵੀ ਖ਼ਤਮ ਹੋ ਗਈ ਹੈ।